29/11/2017
#ਭਾਈ_ਮਰਦਾਨਾ
ਲੰਮੇ ਪੈਂਡੇ...ਦੂਰ ਦੇ ਦੇਸ ... ਸਮਾਂ ਬੀਤਿਆ । ਭਾਈ ਜੀ ਦਾ ਬਿਰਧ ਸਰੀਰ ਕਮਜ਼ੋਰ ਹੋ ਗਿਆ । ਅਫਗਾਨਿਸਤਾਨ ਦੀ ਸਰਹੱਦ ਨਾਲ ਵਗਦੇ ਕੁੱਰਮ ਦਰਿਆ ਕਿਨਾਰੇ ਥੱਕ ਗਏ ਤਾਂ ਸਹਾਰਾ ਦੇ ਕੇ ਬਾਬਾ
ਜੀ ਉਨ੍ਹਾਂ ਨੂੰ ਰੁੱਖ ਹੇਠ ਲੈ ਗਏ ਤੇ ਲਿਟਾ ਦਿੱਤੇ । ਉਨ੍ਹਾਂ ਦਾ ਸਿਰ ਆਪਣੀ ਗੋਦ ਵਿਚ ਰੱਖ ਲਿਆ ਅਤੇ ਕਿਹਾ, "ਭਾਈ ਜੀ ਘੜੀ ਆਉਣ ਵਾਲੀ ਹੈ ਜਦੋਂ ਤੁਸਾਂ ਸਾਡੇ ਪਾਸੋਂ ਚਲੇ ਜਾਣਾ ਹੈ । ਇਹ ਦੱਸ ਜੁ ਦਫਨਾਈਏ ਕਿ ਅਗਨ ਭੇਟ ਕਰੀਏ ?" ਭਾਈ ਚੁੱਪ ਰਹੇ । ਫਿਰ ਬਾਬਾ ਜੀ ਬੋਲੇ, "ਤੁਸੀਂ ਸਾਡੀ ਸੰਗਤ ਕੀਤੀ । ਕੋਈ ਯਾਦਗਾਰ ਬਣਾ ਦੇਈਏ ?" ਖਾਮੋਸ਼ ਰਹੇ । ਫਿਰ ਬਾਬੇ ਨੇ ਪੁੱਛਿਆ, " ਯਾਦਗਾਰ ਹੇਤੁ ਮਸਜਿਦ ਉਸਾਰੀਏ ਕਿ ਧਰਮਸਾਲ ?"
ਭਾਈ ਮਰਦਾਨਾ ਜੀ ਨੇ ਸਹਿਜੇ ਅੱਖਾਂ ਖੋਹਲੀਆਂ । ਕਿਹਾ, "ਹੱਡ ਮਾਸ ਦੀ ਕੈਦ ਵਿੱਚੋਂ ਕੱਢ ਕੇ ਇੱਟਾਂ ਚੂਨੇ ਦੀ ਕੈਦ ਵਿਚ ਕਿਵੇਂ ਪਾ ਸਕਦਾ ਹੈਂ ਬਾਬਾ ? ਜਾਣਦਾ ਹਾਂ ਤੁਸੀਂ ਅਜਿਹਾ ਨਹੀਂ ਕਰਨ ਵਾਲੇ ਮਹਾਰਾਜ ।"
ਬਾਬਾ ਜੀ ਨੇ ਕਿਹਾ - ਤਾਂ ਬੀ, ਭਾਈ ਜੀ ਖਾਲੀ ਹੱਥ ਨਹੀਂ ਜਾਣ ਦਿਆਂਗੇ । ਪ੍ਰੀਤ ਓੜਕ ਤੱਕ ਨਿਭਾਈਂ ਤੁਸਾਂ । ਜੋ ਮੰਗੋਂਗੇ ਮਿਲੇਗਾ । ਨਹੀ ਭੇਜਾਂਗੇ ਖਾਲੀ । ਅਸਾਂ ਦਾ ਬੀ ਫੈਂਸਲਾ ਹੈ ।
ਭਾਈ ਨੇ ਕਿਹਾ, " #ਬਾਬਾ_ਤੂੰ_ਖੁਦਾਇ_ਦਾ_ਡੂੰਮ । ਮੈ ਤੇਰਾ ਡੂੰਮ । ਤੈਂ ਖੁਦਾਇ ਦੇਖਿਆ । ਤੈਂ ਖੁਦਾਇ ਪਾਇਆ । ਤੇਰਾ ਕਿਹਾ ਖੁਦਾਈ ਮੰਨਦੀ ਹੈ । ਮੈਂ ਤੈਨੂੰ ਦੇਖਿਆ । ਮੈਂ ਤੈਨੂੰ ਪਾਇਆ । ਅਰ ਮੇਰਾ ਕਿਹਾ ਤੂੰ ਮੰਨਦਾ ਹੈਂ । ਤੁਧ ਆਗੈ ਅਸਾਂ ਦੀ ਬੇਨਤੀ ਹੈ ਅੱਜ ਇੱਕ । ਅਸਾਂ ਨੂੰ ਬਿਛੋੜਨਾ ਨਾਹੀਂ ਆਪਣੇ ਨਾਲਹੁੰ । ਨਾ ਏਥੈ ਨਾ ਉਥੈ ।"
ਬਾਬੇ ਕਹਿਆ, " ਮਰਦਾਨਿਆ ਤੁਧ ਉਪਰ ਅਸਾਂ ਦੀ ਖਰੀ ਖੁਸ਼ੀ ਹੈ । ਜਿਥੈ ਤੇਰਾ ਵਾਸਾ ਤਿਥੈ ਮੇਰਾ ਵਾਸਾ ।" ਤਦ ਇਹ ਕਾਮਲ ਫਕੀਰ ਧਰਤੀ ਉਪਰੋਂ ਰੁਖਸਤ ਹੋਇਆ । ਮਹਾਰਾਜ ਨੇ ਆਪਣੇ ਮੋਢਿਆਂ ਤੋਂ ਚਾਦਰ ਉਤਾਰ ਕੇ ਭਾਈ ਸਾਹਿਬ ਦੇ ਸਰੀਰ ਉਪਰ ਪਾਈ ਅਤੇ ਆਪਣੇ ਹੱਥੀਂ ਅੰਤਮ ਰਸਮਾਂ ਨਿਭਾਈਆਂ । ਰਬਾਬ ਮੋਢੇ ਉਪਰ ਲਟਕਾ , ਯਾਤਰਾ ਵਿਚਕਾਰ ਛੱਡ ਕੇ, ਉਹ ਵਾਪਿਸ ਰਾਇ ਭੋਇ ਦੀ ਤਲਵੰਡੀ ਵੱਲ ਚੱਲ ਪਏ ।
ਭਾਈ ਮਰਦਾਨਾ ਜੀ ਦੀ ਬੇਨਤੀ ਕਬੂਲ ਹੋਈ । ਉਹ ਵਿਛੁੜੇ ਨਹੀਂ । ਕੀਰਤਨ ਬਣ ਕੇ ਉਹ #ਗੁਰੂ_ਗ੍ਰੰਥ ਅਤੇ #ਗੁਰੂ_ਪੰਥ ਵਿੱਚ ਸਥਾਪਤ ਹੋ ਗਏ ਸਨ ।