17/08/2026
ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ॥
ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ॥ ਪਕੜਿ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ॥
ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ॥ ਹਥ ਮਰੋੜੈ ਤਨੁ ਕਪੇ, ਸਿਆਹਹੁ ਹੋਆ ਸੇਤੁ॥
ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥ ਨਾਨਕ ! ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭ ਦੇਤੁ॥
ਸੇ ਭਾਦੁਇ ਨਰਕਿ ਨ ਪਾਈਅਹਿ, ਗੁਰੁ ਰਖਣ ਵਾਲਾ ਹੇਤੁ॥(ਮ:੫)
ਵੀਚਾਰ ਅਧੀਨ ਸ਼ਬਦ ਗੁਰੂ ਅਰਜੁਨ ਦੇਵ ਪਾਤਿਸ਼ਾਹ ਜੀ ਦੇ ਮੁਖਾਰਬਿੰਦ ’ਤੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਅਤੇ ਬਾਰਾਮਾਹਾਂ ਸਿਰਲੇਖ ਅਧੀਨ ਪੰਨਾ 134 ’ਤੇ ਦਰਜ ਹੈ। ਜਿਸ ਰਾਹੀਂ ਗੁਰੂ ਜੀ ਕੁਦਰਤੀ ਤੌਰ ’ਤੇ ਹੋ ਰਹੇ ਅਸਥਾਈ ਮੌਸਮੀ ਪਰਿਵਰਤਨ ਨੂੰ ਆਧਾਰ ਬਣਾ ਕੇ ਜੀਵ ਨੂੰ ਅਸਥਾਈ ਆਕਾਰ (ਜਗਤ) ਦੀ ਅਸਲੀਅਤ ਦੀ ਸੋਝੀ ਕਰਵਾ ਰਹੇ ਹਨ। ‘ਭਾਦਉ’ ਮਹੀਨੇ ਦਾ ਪਹਿਲਾ ਅੱਖਰ ‘ ਭ ’ ਹੋਣ ਕਾਰਨ ਵਿਸ਼ਾ ਵੀ ‘ ਭਰਮ ’ ਪ੍ਰਧਾਨ ਵਰਤਿਆ ਗਿਆ ਹੈ।