06/05/2024
ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਦਾ ਉਹ ਨਾਇਕ ਹੈ ਜਿਸ ਨੇ ਪੰਜਾਬ ਤੇ ਦਿਲੀ ਲਾਲ ਕਿਲੇ ‘ਤੇ ਖਾਲਸਾਈ ਝੰਡੇ ਝੁਲਾਏ ਤੇ ਆਪਣੀ ਹਕੂਮਤ ਸਥਾਪਤ ਕੀਤੀ ਹੈ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਇਤਿਹਾਸਕ ਪਿੰਡ ਸੁਰ ਸਿੰਘ (ਤਰਨਤਾਰਨ) ਨਾਲ ਜੁੜਦਾ ਹੈ। ਇਸ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਸਨ। ਰਾਮਗੜ੍ਹੀਆ ਜੀ ਦੇ ਵੱਡ ਵਡੇਰੇ ਸ੍ਰੀ ਰਾਮੂ ਜੀ ਇਸ ਪਿੰਡ ਦੇ ਵਸਨੀਕ ਸਨ ਉਹਨਾ ਦੇ ਸਮੁੱਤਰ ਬਾਬਾ ਬਿਧੀ ਚੰਦ ਜੀ ਬਹੁਤ ਬਹਾਦਰੀ ਵਾਲੇ ਯੋਧੇ ਅਤੇ ਧਾਰਮਿਕ ਬਿਰਤੀ ਦੇ ਮਾਲਕ ਸਨ ਅਤੇ ਇਹਨਾ ਦੇ ਸਪੁੱਤਰ ਭਾਈ ਹਰਦਾਸ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰ-ਕਮਲਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਉਹ ਗੁਰੂ ਸਾਹਿਬ ਦੀ ਖਾਲਸਾ ਫੌਜ ਦੇ ਹੱਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦੇ ਸਨ । ਭਾਈ ਬਚਿੱਤਰ ਸਿੰਘ ਨੇ ਜਿਸ ਨਾਗਣੀ ਨਾਲ ਸ਼ਰਾਬੀ ਹਾਥੀ ਨੂੰ ਜ਼ਖਮੀ ਕੀਤਾ ਸੀ ਉਹ ਭਾਈ ਹਰਦਾਸ ਸਿੰਘ ਜੀ ਨੇ ਹੀ ਬਣਾਈ ਸੀ। ਹਰਦਾਸ ਸਿੰਘ ਦੇ ਦੋ ਪੁੱਤਰ ਸਨ ਗਿਆਨੀ ਭਗਵਾਨ ਸਿੰਘ ਅਤੇ ਦਾਨ ਸਿੰਘ। ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ ਦਿਨ ਬੁੱਧਵਾਰ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਗ੍ਰਹਿ ਮਾਤਾ ਗੰਗੋ ਜੀ ਦੀ ਕੁੱਖੋਂ ਪਿੰਡ ਈਚੋਗਿਲ (ਪਾਕਿਸਤਾਨ) ਨਾਨਕੇ ਘਰ ਵਿਖੇ ਹੋਇਆ ਸੀ।
ਆਪ ਜੀ 5 ਭਰਾ ਸਨ ਜੱਸਾ ਸਿੰਘ ,ਜੈ ਸਿੰਘ ,ਖ਼ੁਸ਼ਹਾਲ ਸਿੰਘ ,ਮਾਲੀ ਸਿੰਘ ਤੇ ਤਾਰਾ ਸਿੰਘ।
ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ 14 ਸਾਲ ਦੀ ਉਮਰ ਵਿਚ ਆਪਣੇ ਪਿਤਾ ਭਗਵਾਨ ਸਿੰਘ ਨਾਲ ਏਸ਼ੀਆ ਦੇ ਪ੍ਰਸਿੱਧ ਜੇਤੂ ਨਾਦਰ ਸ਼ਾਹ ਦੇ ਨਾਲ ਲੜੀ। ਇਸ ਲੜਾਈ ਵਿੱਚ 14 ਸਾਲਾ ਸ: ਜੱਸਾ ਸਿੰਘ ਰਾਮਗੜ੍ਹੀਏ ਨੇ ਯੁੱਧ ਕਲਾ ਦੇ ਉਹ ਜੋਹਰ ਦਿਖਾਏ ਜਿਸਨੂੰ ਵੇਖ ਕੇ ਵੱਡੇ ਵੱਡੇ ਜਰਨੈਲ ਹੈਰਾਨ ਰਹਿ ਗਏ।
ਆਪ ਜੀ ਸ਼ਾਦੀ ਬੀਬੀ ਦਿਆਲ ਕੌਰ ਨਾਲ ਹੋਈ ਆਪਜੀ ਦੇ ਘਰ ਭਾਈ ਜੋਧ ਸਿੰਘ ਅਤੇ ਭਾਈ ਵੀਰ ਸਿੰਘ ਜੀ ਨੇ ਜਨਮ ਲਿਆ।
ਉਸ ਸਮੇਂ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿਚੋਂ ਇਕ ਮਿਸਲ ਸਰਦਾਰ ਜੱਸਾ ਸਿੰਘ ਜੀ ਦੀ ਮਿਸਲ ਨੂੰ ਰਾਮਗੜ੍ਹੀਆ ਮਿਸਲ ਵਜੋਂ ਜਾਣਿਆ ਜਾਂਦਾ ਸੀ।
ਸਰਦਾਰ ਰਾਮਗੜ੍ਹੀਆ ਨੇ ਇਸ ਮਿਸਲ ਨੂੰ ਬਾਕੀ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਅਤੇ ਅਮੀਰ ਮਿਸਲ ਬਣਾ ਦਿੱਤਾ।
ਉਹਨਾਂ ਆਪਣੇ ਰਾਜ ਵਿੱਚ ਛੋਟੇ-ਵੱਡੇ ਮਿਲਾ ਕੇ ਤਕਰੀਬਨ 362 ਕਿਲ੍ਹੇ ਬਣਵਾਏ ਸਨ।
ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰੀ ਹਰਿਮੰਦਰ ਦੇ ਪੂਰਬ ਵੱਲ ਬੁੰਗੇ ਦਾ ਨਿਰਮਾਣ ਕਰਵਾਇਆ।
ਇਸ ਬੁੰਗੇ ’ਤੇ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਸਮੇਂ 2,75,000 ਰੁਪਏ ਖਰਚ ਹੋਏ। ਇਹ ਬੁੰਗਾ ਦੋ-ਮੰਜ਼ਿਲਾ ਧਰਤੀ ਦੇ ਉੱਪਰ ਅਤੇ ਤਿੰਨ-ਮੰਜ਼ਲਾ ਜ਼ਮੀਨ ਦੇ ਹੇਠਾਂ ਹੈ। ਬੁੰਗੇ ਦਾ ਮੱਥਾ 150 ਫੁੱਟ ਹੈ।
ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਹੱਥੀ ਹਾਸਲ ਕੀਤੀ ਹਕੂਮਤ ਨੂੰ ਗੁਰੂ ਦੀ ਮਿਹਰ ਸਮਝ ਕੇ ਗੁਰੂ ਦੇ ਨਾਂ ‘ਤੇ ਆਪਣੀ ਹਕੂਮਤ ਚਲਾਈ। ਉਸ ਦਿਨ ਤੋਂ ਬਾਅਦ ਸਿੱਖ ਪੰਜਾਬ ਦੇ ਮਾਲਕ ਬਣੇ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਮਿਸਲ ਤਹਿਤ ਆਪਣੀ ਰਿਆਸਤ ਕਾਇਮ ਕੀਤੀ ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਤੇ ਸ੍ਰ: ਬਘੇਲ ਸਿੰਘ ਨੂੰ ਨਾਲ ਲੈ ਕੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਕੇ ਕਿਲ੍ਹੇ ਤੇ ਕਬਜਾ ਕਰ ਲਿਆ ਅਤੇ ਇਸ ਉਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਅ ਕੇ ਸਿੱਖਾਂ ਦੀਆਂ ਜਿੱਤਾਂ ਦੇ ਝੰਡੇ ਗੱਡ ਦਿੱਤੇ। ਮੁਗਲਾਂ ਦੇ ਰਾਜ ਨੂੰ ਜੜ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ ਨੂੰ ਪੁੱਟਕੇ ਅਤੇ ਬਾਰਾਂਦਰੀ ਦੇ 44 ਥੰਮ ਆਪਣੇ ਨਾਲ ਲੈਕੇ ਆਂਦੇ ਜੋ ਕਿ ਅੱਜ ਵੀ ਰਾਮਗੜੀਆ ਬੁੰਗੇ, ਵਿਚ ਲਗੇ ਹੋਏ ਦੇਖੇ ਜਾ ਸਕਦੇ ਹਨ।
ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤੱਕ ਰੱਜ ਕੇ ਤਲਵਾਰ ਵਾਹੀ ਤੇ ਪੰਜਾਬ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਕੌਮੀ ਜਰਨੈਲ ਨੇ ਦਿੱਲੀ ਫ਼ਤਹਿ ਕਰਕੇ ਸਾਰੇ ਭਾਰਤ ਵਰਸ਼ ਵਿੱਚ ਧਾਕ ਬਣਾਈ। ਉਹਨਾਂ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ, ਬਿਆਸ ਦਰਿਆ ਦੇ ਕੰਢੇ, ਕੁਝ ਚਿਰ ਬਿਮਾਰ ਰਹਿਣ ਮਗਰੋਂ 8 ਅਗਸਤ 1803 ਈ. ਨੂੰ ਇਸ ਸੰਸਾਰ ਤੋਂ ਰੁਖਸਤ ਹੋ ਗਏ ।