25/12/2025
ਸ਼ਹਾਦਤ
ਪਹਾੜਾਂ ਵਿੱਚ ਲਗਾਤਾਰ ਵਰ੍ਹੇ ਮੀਂਹ ਨੇ ਸਰਸਾ ਨਦੀ ਨੂੰ ਭਿਆਨਕ ਰੂਪ ਦੇ ਦਿੱਤਾ ਸੀ। ਉੱਪਰੋਂ ਵੈਰੀ ਦੇ ਅਚਾਨਕ ਹਮਲੇ ਨੇ ਸਾਰੇ ਮਾਹੌਲ ਨੂੰ ਉਲਝਣ ਅਤੇ ਘਬਰਾਹਟ ਨਾਲ ਭਰ ਦਿੱਤਾ। ਜਿਸਨੂੰ ਜਿਧਰ ਰਾਹ ਦਿੱਸਿਆ, ਉਹ ਉਧਰ ਹੀ ਤੁਰ ਪਿਆ।ਇਸ ਸਮੇਂ ਵਿੱਚ ਮਾਤਾ ਗੁਜਰੀ ਜੀ ਆਪਣੇ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਨੂੰ ਲੈ ਕੇ ਪਰਿਵਾਰ ਤੋਂ ਵਿੱਛੜ ਗਏ। ਸਰਸਾ ਨਦੀ ਦੇ ਵਹਾਅ ਦੇ ਨਾਲ-ਨਾਲ ਤੁਰਦਿਆਂ, ਮਾਤਾ ਜੀ ਨੇ ਨਿੱਕੀਆਂ ਜਿੰਦਾਂ ਨੂੰ ਜੁਲਮ ਦੀ ਨਿਗਾਹ ਤੋਂ ਬਚਾਉਣ ਲਈ ਝਾੜੀਆਂ ਅਤੇ ਬੂਟਿਆਂ ਵਿੱਚ ਓਟ ਲੈ ਲਈ।
ਉਸ ਸਮੇਂ ਨਾ ਕੋਈ ਸਿੰਘ ਨਾਲ ਸੀ, ਨਾ ਕੋਈ ਸਹਾਇਕ। ਸਿਰਫ਼ ਇੱਕ ਖੱਚਰ ਸੀ, ਜਿਸ ‘ਤੇ ਕੁਝ ਮੋਹਰਾਂ ਅਤੇ ਸਾਮਾਨ ਲੋਡ ਸੀ, ਪਰ ਉਹ ਧਨ ਵੀ ਉਸ ਘੜੀ ਕਿਸੇ ਕੰਮ ਨਾ ਆ ਸਕਿਆ। ਕਾਫ਼ੀ ਦੇਰ ਓਟ ਵਿੱਚ ਰਹਿਣ ਤੋਂ ਬਾਅਦ ਮਾਤਾ ਜੀ ਫਿਰ ਅੱਗੇ ਵਧੇ।ਇਨ੍ਹਾਂ ਰਾਹ ਤੇ ਪਹਿਲੀ ਵਾਰੀ ਇਸ ਤਰ੍ਹਾਂ ਮਾਤਾ ਜੀ ਤੇ ਸਾਹਿਬਜ਼ਾਦੇ ਜਾ ਰਹੇ ਸਨ। ਅਨੰਦਪੁਰ ਸਾਹਿਬ ਦੇ ਮਹਿਲ ਵਿੱਚ ਪਲੇ ਇਹ ਬੱਚੇ ਕੱਚੀ ਧਰਤੀ ‘ਤੇ ਕਦੇ ਤੁਰੇ ਹੀ ਨਹੀਂ ਸਨ। ਪੱਥਰੀਲੇ ਰਾਹ ਉਨ੍ਹਾਂ ਦੇ ਕੋਮਲ ਪੈਰਾਂ ਨੂੰ ਚੀਰ ਰਹੇ ਸਨ। ਬੁਜ਼ੁਰਗ ਮਾਤਾ ਗੁਜਰੀ ਜੀ ਦਾ ਸਰੀਰ ਵੀ ਇਸ ਔਖੇ ਸਫਰ ਲਈ ਤਿਆਰ ਨਹੀਂ ਸੀ, ਪਰ ਸਮੇਂ ਦੀ ਮਜਬੂਰੀ ਨੇ ਸਭ ਨੂੰ ਅੱਗੇ ਤੁਰਨ ਲਈ ਮਜਬੂਰ ਕਰ ਦਿੱਤਾ।
ਦੋਵੇਂ ਸਾਹਿਬਜ਼ਾਦੇ ਖੱਚਰ ‘ਤੇ ਸਵਾਰ ਸਨ ਅਤੇ ਮਾਤਾ ਜੀ ਅੱਗੇ-ਅੱਗੇ ਤੁਰ ਰਹੇ ਸਨ। ਉਹ ਵਾਰ-ਵਾਰ ਪਿੱਛੇ ਮੁੜ ਕੇ ਆਪਣੇ ਪਿਤਾ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ। ਕਈ ਵਾਰ ਅੱਖਾਂ ਨੂੰ ਭੁਲੇਖਾ ਪੈਂਦਾ, ਜਿਵੇਂ ਪਿਤਾ ਸਾਹਮਣੇ ਹੀ ਹੋਣ।
ਰਸਤੇ ਵਿੱਚ ਬੱਚੇ ਮਾਤਾ ਜੀ ਨੂੰ ਸਵਾਲ ਕਰਦੇ—
ਸਾਡੇ ਸਿੰਘ ਕਿੱਥੇ ਗਏ?
ਮਾਤਾ-ਪਿਤਾ ਅਤੇ ਵੱਡੇ ਭਰਾ ਸਾਨੂੰ ਇਕੱਲਿਆਂ ਕਿਉਂ ਛੱਡ ਗਏ?
ਮਾਤਾ ਗੁਜਰੀ ਜੀ ਪਿਆਰ ਨਾਲ ਉਨ੍ਹਾਂ ਨੂੰ ਦਿਲਾਸਾ ਦਿੰਦੀਆਂ, ਭਰੋਸੇ ਦੀਆਂ ਗੱਲਾਂ ਕਰਦੀਆਂ ਅਤੇ ਵਾਹਿਗੁਰੂ ਨਾਲ ਮਨ ਜੋੜ ਕੇ ਅੱਗੇ ਵਧਦੀਆਂ ਰਹੀਆਂ।
ਨਿੱਕੇ ਵੀਰ ਆਪਸ ਵਿੱਚ ਗੱਲਾਂ ਕਰਦੇ—
“ਜਦੋਂ ਅਸੀਂ ਫਿਰ ਮਿਲਾਂਗੇ, ਅਸੀਂ ਰੁੱਸ ਜਾਵਾਂਗੇ। ਮਾਤਾ, ਪਿਤਾ ਤੇ ਭਰਾ ਸਾਨੂੰ ਮਨਾਉਣਗੇ, ਪਰ ਅਸੀਂ ਥੋੜ੍ਹੀ ਦੇਰ ਤੱਕ ਨਹੀਂ ਮੰਨਾਂਗੇ।”
ਇਹ ਮਾਸੂਮ ਗੱਲਾਂ ਮਾਤਾ ਗੁਜਰੀ ਜੀ ਦੇ ਦਿਲ ਨੂੰ ਚੀਰ ਗਈਆਂ। ਉਨ੍ਹਾਂ ਨੇ ਬੱਚਿਆਂ ਨੂੰ ਗਲੇ ਨਾਲ ਲਾਇਆ, ਮੱਥੇ ਚੁੰਮੇ ਅਤੇ ਅੱਖਾਂ ਭਰ ਆਈਆਂ।
ਤੁਰਦਿਆਂ-ਤੁਰਦਿਆਂ ਉਹ ਥਾਂ ਆ ਗਏ ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਮਿਲਦੀ ਹੈ—ਇਲਾਕਾ ਜੋ ਅੱਜ ਪਿੰਡ ਚੱਕ ਢੇਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਨੇਰਾ ਪੈ ਚੁੱਕਾ ਸੀ, ਠੰਢ ਵਧ ਰਹੀ ਸੀ ਅਤੇ ਰਾਤ ਗੁਜ਼ਾਰਣ ਲਈ ਠਿਕਾਣੇ ਦੀ ਲੋੜ ਸੀ।
ਸਤਲੁਜ ਦੇ ਕਿਨਾਰੇ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਦੀਵਾ ਜਗਦਾ ਵੇਖ ਕੇ ਮਾਤਾ ਜੀ ਉਧਰ ਮੁੜ ਗਏ। ਇੱਥੇ ਇੱਕ ਗਰੀਬ ਮਲਾਹ ਰਹਿੰਦਾ ਸੀ, ਜਿਸਨੂੰ ਲੋਕ ਕੁੰਮਾ ਮਾਸ਼ਕੀ ਕਹਿੰਦੇ ਸਨ। ਉਸਨੇ ਮਾਤਾ ਜੀ ਦੀ ਸਾਰੀ ਵਿਥਿਆ ਸੁਣੀ ਅਤੇ ਤੁਰੰਤ ਉਨ੍ਹਾਂ ਦੀ ਸੇਵਾ ਵਿੱਚ ਜੁਟ ਗਿਆ।
ਉਸਨੇ ਆਪਣੇ ਕੋਲ ਮੌਜੂਦ ਗਰਮ ਕੱਪੜੇ ਦੇ ਦਿੱਤੇ ਅਤੇ ਨੇੜੇ ਰਹਿਣ ਵਾਲੀ ਧਰਮਾਤਮਾ ਮਾਈ ਲੱਛਮੀ ਕੋਲੋਂ ਭੋਜਨ ਲੈ ਆਇਆ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਪ੍ਰਸ਼ਾਦਾ ਛਕਿਆ। ਸਫਰ ਦੀ ਥਕਾਵਟ ਕਾਰਨ ਦੋਵੇਂ ਬੱਚੇ ਮਾਤਾ ਜੀ ਦੇ ਕੋਲ ਲੱਗ ਕੇ ਸੁੱਤ ਗਏ।
ਮਾਤਾ ਗੁਜਰੀ ਜੀ ਨਿੱਕੀਆਂ ਜਿੰਦਾਂ ਨੂੰ ਬਾਹਾਂ ਵਿੱਚ ਲੈ ਕੇ ਸਾਰੇ ਪਰਿਵਾਰ ਬਾਰੇ ਸੋਚਦੀਆਂ ਰਹੀਆਂ। ਅਰਦਾਸ ਕਰਦਿਆਂ ਕਦੋਂ ਨੀਂਦ ਆ ਗਈ, ਉਨ੍ਹਾਂ ਨੂੰ ਪਤਾ ਹੀ ਨਾ ਲੱਗਾ।
ਕੁੰਮਾ ਮਾਸ਼ਕੀ ਝੌਂਪੜੀ ਤੋਂ ਬਾਹਰ ਲੰਮਾ ਪੈ ਗਿਆ। ਨੀਂਦ ਉਸਦੀ ਅੱਖਾਂ ਤੋਂ ਦੂਰ ਸੀ। ਉਹ ਗੁਰੂ ਪਰਿਵਾਰ ਦੇ ਦੁੱਖਾਂ ਬਾਰੇ ਸੋਚਦਾ ਰਿਹਾ, ਅੱਖਾਂ ਭਰ ਆਈਆਂ ਅਤੇ ਦਿਲੋਂ ਦਸਮ ਪਿਤਾ ਨੂੰ ਸਲਾਮ ਕਰਦਾ ਰਿਹਾ।
ਇਸ ਤਰ੍ਹਾਂ ਪਰਿਵਾਰ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਪਹਿਲੀ ਰਾਤ 7 ਪੋਹ 1761 ਬਿਕਰਮੀ (21 ਦਸੰਬਰ 1704) ਨੂੰ ਸਰਸਾ–ਸਤਲੁਜ ਦੇ ਸਾਂਝੇ ਕਿਨਾਰੇ, ਪਿੰਡ ਚੱਕ ਢੇਰਾ ਦੇ ਪੱਤਣ ‘ਤੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ।