ਗੁਰੂ ਜੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਰਸਤੇ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦਿਆਂ ਪੰਜੋਖਰਾ ਸਾਹਿਬ ਪਿੰਡ ਵਿੱਚ ਪਹੁੰਚੇ । ਸਥਾਨਕ ਰਵਾਇਤ ਅਨੁਸਾਰ ਇਹ ਮੰਨਿਆ ਜਾਦਾਂ ਹੈ ਕਿ ਜਦੋਂ ਗੁਰੂ ਜੀ ਇੱਥੇ ਪਹੁੰਚੇ ਤਾਂ ਜੱਥੇ ਦੇ ਵਿੱਚੋਂ ਇਕ ਸਿੱਖ ਨੂੰ ਬੁਖਾਰ ਹੋ ਗਿਆ । ਉਸਨੂੰ ਬੀਮਾਰ ਦੇਖ ਕੇ ਸਤਿਗੁਰੂ ਜੀ ਨੇ ਛੱਪੜੀ ਵਿੱਚ ਚਰਨ ਪਾਏ ਤੇ ਉਸ ਵਿੱਚ ਸਿੱਖ ਨੂੰ ਇਸ਼ਨਾਨ ਕਰਵਾ ਕੇ ਰਾਜ਼ੀ ਕਰ ਦਿੱਤਾ । ਇਸੇ ਅਸਥਾਨ ਤੇ ਕਾਬਲ ਕੰਧਾਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਗਈਆਂ । ਸੰਗਤਾਂ ਦੀ ਆਮਦ ਹੋਣ ਕਰਕੇ ਇਸ ਅਸਥਾਨ ਤੇ ਦੀਵਾਨ ਸੱਜਣ ਲੱਗੇ । ਦੂਰੋਂ ਨੇੜਿਉ ਕਾਫੀ ਸਿੱਖ ਸੰਗਤ ਗੁਰੂ ਜੀ ਦਰਸ਼ਨਾਂ ਨੂੰ ਆਉਣ ਕਰਕੇ ਭਾਰੀ ਇੱਕਠ ਹੋ ਗਿਆ । ਪੰਜੋਖਰਾ ਸਾਹਿਬ ਦਾ ਇਕ ਮਹਾਨ ਵਿਦਵਾਨ ਜਿਸਦਾ ਨਾਮ ਇਤਿਹਾਸ ਵਿੱਚ ਪੰਡਿਤ ਲਾਲ ਚੰਦ ਕਰਕੇ ਆਉਂਦਾ ਹੈ ਇਸ ਜਗ੍ਹਾਂ ‘ਤੇ ਸੰਗਤਾਂ ਦਾ ਭਾਰੀ ਇਕੱਠ ਦੇਖ ਕੇ ਪਹੁੰਚ ਗਿਆ ਤੇ ਇਕ ਸਿੱਖ ਨੂੰ ਬੁਲਾਕੇ ਪੁੱਛਣ ਲੱਗਾ ਕਿ ਭਾਈ ਇੱਥੇ ਕੋਣ ਆਇਆ ਹੈ । ਸਿੱਖ ਦਾ ਜਵਾਬ ਸੀ ਕਿ ਇੱਥੇ ਸਿੱਖਾਂ ਦੇ ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਹਨ । ਜਦੋਂ ਪੰਡਿਤ ਲਾਲ ਚੰਦ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤਾਂ ਗੁਰੂ ਜੀ ਦੀ ਬਾਲ ਉਮਰ ਦੇਖ ਕੇ ਹੰਕਾਰ ਵਿੱਚ ਆ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ, “ਕਿ ਦੁਆਪਰ ਯੁੱਗ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਹਨ, ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ, ਤੁਸੀਂ ਉਸ ਗੀਤਾ ਦੇ ਅਰਥ ਕਰਕੇ ਦਿਖਾਉ ।” ਗੁਰੂ ਨਾਨਕ ਦੇਵ ਜੀ ਘਰੋਂ ਪ੍ਰਾਪਤ ਹੋਈ ਨਿਮਰਤਾ ਦੇ ਮਾਲਕ ਸਤਿਗੁਰੂ ਜੀ ਕਹਿਣ ਲੱਗੇ ਅਸੀਂ ਅਕਾਲ ਪੁਰਖ ਜੀ ਦੇ ਸੇਵਕ ਹਾਂ, ਕਲਾ ਅਕਾਲ ਪੁਰਖ ਜੀ ਦੀ ਵਰਤਦੀ ਹੈ । ਜੇਕਰ ਤੁਸੀ ਕਲਾ ਹੀ ਵੇਖਣੀ ਤਾਂ ਆਪਣੇ ਨਗਰ ਵਿੱਚੋਂ ਕੋਈ ਵੀ ਬੰਦਾ ਲੈ ਆਉ, ਜੇ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਹੋਈ ਤਾਂ ਗੀਤਾ ਦੇ ਅਰਥ ਕਰਵਾ ਦਿਆਗੇਂ । ਪੰਡਿਤ ਪਿੰਡ ਦੇ ਹੀ ਇੱਕ ਛੱਜੂ ਨਾਮੀ ਗੁੰਗੇ ਤੇ ਬੋਲ਼ੇ ਨੂੰ ਲੈ ਕੇ ਗੁਰੂ ਜੀ ਕੋਲ ਆਇਆ । ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਸਨੂੰ ਗੁਰੂਸਰ ਛੱਪੜੀ ਵਿੱਚ ਇਸ਼ਨਾਨ ਕਰਵਾ ਕੇ ਲਿਆਉਣਾ ਕਰੋ । ਸਿੱਖਾਂ ਨੇ ਗੁਰੂ ਜੀ ਦੇ ਹੁਕਮ ਨੂੰ ਮੰਨਿਆਂ ਅਤੇ ਇਸ਼ਨਾਨ ਕਰਵਾ ਕੇ ਛੱਜੂ ਨੂੰ ਗੁਰੂ ਜੀ ਪਾਸ ਲੈ ਆਏ । ਗੁਰੂ ਜੀ ਨੇ ਮਿਹਰ ਦੀ ਨਜ਼ਰ ਕੀਤੀ, ਜਿਸ ਸਦਕਾ ਭਾਈ ਛੱਜੂ ਨੂੰ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ । ਗੁਰੂ ਜੀ ਦੀ ਕ੍ਰਿਪਾ ਦਾ ਪਾਤਰ ਬਣ ਕੇ ਭਾਈ ਛੱਜੂ ਪੰਡਿਤ ਲਾਲ ਚੰਦ ਨੂੰ ਕਹਿਣ ਲੱਗਾ ਪੰਡਿਤ ਜੀ ਸਲੋਕ ਉਚਾਰਨ ਕਰੋ ਜੀ । ਪੰਡਿਤ ਗੀਤਾ ਦੇ ਵਿੱਚੋ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛਣ ਲੱਗੇ । ਜਿੰਨ੍ਹਾਂ ਦੇ ਅਰਥ ਭਾਈ ਛੱਜੂ ਨੇ ਉਸੇ ਸਮੇਂ ਕਰ ਦਿੱਤੇ । ਇਹ ਕੌਤਕ ਵੇਖ ਕੇ ਲਾਲ ਚੰਦ ਗੁਰੂ ਜੀ ਦੇ ਚਰਨੀਂ ਪੈ ਗਿਆ ਅਤੇ ਮੁਆਫੀ ਮੰਗਣ ਲੱਗਾ । ਗੁਰੂ ਜੀ ਨੇ ਪੰਡਿਤ ਲਾਲ ਚੰਦ ਤੇ ਕ੍ਰਿਪਾ ਕੀਤੀ ਅੰਦਰ ਦਾ ਹੰਕਾਰ ਦੂਰ ਕਰ ਦਿੱਤਾ । ਪੰਡਿਤ ਲਾਲ ਚੰਦ ਗੁਰੂ ਜੀ ਦਾ ਸਿੱਖ ਬਣਿਆ । ਇਸ ਸਥਾਨ ਤੇ ਗੁਰੂ ਜੀ ਨੇ ਆਪਣੇ ਹੱਥੀ ਨਿਸ਼ਾਨ ਸਾਹਿਬ ਲਗਾ ਕੇ ਸੰਗਤ ਨੂੰ ਹੁਕਮ ਕੀਤਾ ਕਿ ਸਾਡੇ ਪਿੱਛੇ ਹੁਣ ਕਿਸੇ ਨੇ ਦਿੱਲੀ ਨਹੀਂ ਆਉਣਾ ਜੋ ਵੀ ਮਾਈ ਭਾਈ ਸਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਉਹ ਇਸੇ ਸਥਾਨ ਤੇ ਆਪਣੀ ਭੇਟਾ ਰੱਖ ਕੇ ਅਰਦਾਸ ਕਰੇ ਉਸਦੀ ਭੇਟਾ ਤੇ ਅਰਦਾਸ ਸਾਡੇ ਪਾਸ ਪ੍ਰਵਾਨ ਹੋਵੇਗੀ । 7,8,9 ਮਾਘ ਸੁਦੀ ਸੰਮਤ 1720 ਨੂੰ ਗੁਰੂ ਜੀ ਪੰਜੋਖਰਾ ਸਾਹਿਬ ਵਿਖੇ ਠਹਿਰੇ ।