08/05/2025
ਜਦੋਂ ਗੁਰੂ ਨਾਨਕ ਦੇਵ ਜੀ ਨੌ ਸਾਲ ਦੇ ਹੋਏ ਤਾਂ ਪਰਿਵਾਰ ਵੱਲੋਂ ਜਨੇਊ ਦੀ ਰਸਮ ਕਰਨ ਬਾਰੇ ਸੋਚਿਆ ਗਿਆ ਅਤੇ ਦਿਨ ਵੀ ਮਿੱਥਿਆ ਗਿਆ। ਮਹਿਤਾ ਕਾਲੂ ਜੀ ਵੱਲੋਂ ਸਾਰੇ ਸਾਕ - ਸਬੰਧੀਆਂ ਅਤੇ ਮਿੱਤਰ ਪਰਿਵਾਰਾਂ ਨੂੰ ਸੱਦੇ ਭੇਜੇ ਗਏ ਅਤੇ ਮਿੱਥੇ ਦਿਨ ਉੱਤੇ ਸਵੇਰ ਤੋਂ ਹੀ ਪਰਉਣਿਆਂ ਦੀ ਆਓ ਭਗਤ ਲਈ ਮਿਠਾਈਆਂ ਅਤੇ ਖਾਣੇ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਘਰ ਦਾ ਪੁਰੋਹਿਤ ਪੰਡਿਤ ਹਰਦਿਆਲ ਵੀ ਸਮੇਂ ਸਿਰ ਪਹੁੰਚ ਗਿਆ। ਗੁਰੂ ਜੀ ਨੂੰ ਉਚੇਚੇ ਤੌਰ ਤੇ ਤਿਆਰ ਕੀਤੀ ਥਾਂ ਉੱਤੇ ਬਿਠਾਇਆ ਗਿਆ। ਪੰਡਿਤ ਨੇ ਕੁਝ ਮੰਤਰ ਪੜ੍ਹੇ ਅਤੇ ਜਿਸ ਥਾਂ ਆਪ ਬੈਠੇ ਸੀ ਉਸ ਦੁਆਲੇ ਇੱਕ ਲਕੀਰ ਖਿੱਚ ਦਿੱਤੀ ਅਤੇ ਆਪਣੇ ਸਾਹਮਣੇ ਗੁਰੂ ਜੀ ਨੂੰ ਬਿਠਾ ਲਿਆ। ਆਲੇ ਦੁਆਲੇ ਪਿੰਡ ਦਾ ਭਾਈਚਾਰਾ ਰਿਸ਼ਤੇਦਾਰ ਬੈਠ ਗਏ, ਇਸਤਰੀਆਂ ਇੱਕ ਪਾਸੇ ਅਤੇ ਮਰਦ ਇੱਕ ਪਾਸੇ। ਬੇਬੇ ਨਾਨਕੀ ਵੀ ਆਪਣੇ ਵੀਰ ਦੇ ਲਾਗੇ ਆ ਕੇ ਸਭ ਦੇ ਅੱਗੇ ਬੈਠ ਗਈ। ਜਨੇਊ ਪਾਉਣ ਲਈ ਪੰਡਿਤ ਹਰਦਿਆਲ ਨੇ ਆਪਣੇ ਹੱਥ ਅੱਗੇ ਕੀਤੇ। ਇਧਰ ਮਿੱਤਰ ਅਤੇ ਰਿਸ਼ਤੇਦਾਰ ਵੀ ਵਧਾਈਆਂ ਦੇਣ ਦੀਆਂ ਤਿਆਰੀਆਂ ਵਿੱਚ ਹੀ ਸਨ ਕਿ ਗੁਰੂ ਜੀ ਨੇ ਪਾਂਧੇ ਦੇ ਹੱਥ ਪਰ੍ਹੇ ਕਰਦਿਆਂ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ। ਵੇਖਣ ਵਾਲੇ ਸਾਰੇ ਹੱਕੇ ਬੱਕੇ ਰਹਿ ਗਏ ਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਮੈਨੂੰ ਪਹਿਲਾਂ ਦੱਸੋ ਕਿ ਤੁਸੀਂ ਇਹ ਕੀ ਕਰ ਰਹੇ ਹੋ? ਜਨੇਊ ਪਾਉਣ ਦੇ ਕੀ ਲਾਭ ਹਨ? ਪਹਿਲਾਂ ਮੈਨੂੰ ਸਾਰੀ ਗੱਲ ਸਮਝਾਓ ਅਤੇ ਫਿਰ ਜਨੇਊ ਪਾ ਦੇਣਾ। ਪੰਡਿਤ ਜੀ ਨੇ ਦੱਸਿਆ ਕਿ ਇਹ ਰਸਮ ਸਾਡੇ ਵੱਡੇ ਵਡੇਰਿਆਂ ਵੱਲੋਂ ਚੱਲੀ ਆ ਰਹੀ ਹੈ ਅਤੇ ਜਦ ਤੱਕ ਉੱਚੀ ਜਾਤ ਦਾ ਬੰਦਾ ਜਨੇਊ ਨਹੀਂ ਪਾਉਂਦਾ ਉਹ ਨੀਵੀਂ ਜਾਤ ਦਾ ਹੀ ਗਿਣਿਆ ਜਾਂਦਾ ਹੈ। ਜਨੇਊ ਪਾਉਣ ਨਾਲ ਉਹ ਪਵਿੱਤਰ ਹੋ ਜਾਂਦਾ ਹੈ। ਇਹ ਗੱਲ ਸੁਣ ਕੇ ਗੁਰੂ ਜੀ ਮੁਸਕੁਰਾਏ ਅਤੇ ਕਹਿਣ ਲੱਗੇ ਕਿ ਤੁਹਾਡੀ ਇਹ ਦਲੀਲ ਮੈਨੂੰ ਠੀਕ ਨਹੀਂ ਲੱਗਦੀ। ਨਾਲੇ ਔਰਤ ਨੂੰ ਵੀ ਤਾਂ ਜਨੇਊ ਪਾਇਆ ਹੀ ਨਹੀਂ ਜਾਂਦਾ। ਨੀਵੀਂ ਜਾਤੀ ਦਾ ਸ਼ੂਦਰ ਜਾਂ ਨੀਚ ਉਹੀ ਹੁੰਦਾ ਹੈ ਜਿਹੜਾ ਨੀਚਾਂ ਵਾਲੇ ਮੰਦੇ ਕੰਮ ਕਰਦਾ ਹੈ। ਕੋਈ ਪਾਪੀ ਪਖੰਡੀ ਧੋਖੇਬਾਜ਼ ਆਦਿ ਜਨੇਊ ਪਾ ਕੇ ਉੱਚੀ ਜਾਤੀ ਦਾ ਕਿਵੇਂ ਬਣ ਸਕਦਾ ਹੈ। ਉੱਤਮ ਜਾਤੀ ਦਾ ਬਣਨ ਲਈ ਤਾਂ ਬੰਦੇ ਨੂੰ ਭਲੇ ਦੇ ਕੰਮ ਹੀ ਕਰਨੇ ਚਾਹੀਦੇ ਹਨ, ਭਾਵੇਂ ਉਹ ਕਿਸੇ ਜਾਤੀ ਦਾ ਵੀ ਹੋਵੇ। ਧਾਗੇ ਦਾ ਜਨੇਊ ਪਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸੂਤ ਦਾ ਧਾਗਾ ਤਾਂ ਕੁਝ ਦਿਨਾਂ ਵਿੱਚ ਹੀ ਮੈਲਾ ਹੋ ਜਾਵੇਗਾ ਅਤੇ ਗਲ ਸੜ ਕੇ ਟੁੱਟ ਜਾਵੇਗਾ ਅਤੇ ਫਿਰ ਹੋਰ ਧਾਗਾ ਵੱਟ ਕੇ ਪਾਉਣ ਦੀ ਲੋੜ ਪਵੇਗੀ। ਜਦੋਂ ਮਨੁੱਖ ਇਹ ਦੁਨੀਆਂ ਛੱਡ ਕੇ ਜਾਵੇਗਾ ਤਾਂ ਇਹ ਧਾਗਾ ਇੱਥੇ ਹੀ ਰਹਿ ਜਾਵੇਗਾ। ਨਾਲ ਤਾਂ ਉਸ ਦੇ ਚੰਗੇ ਮਾੜੇ ਕਰਮ ਹੀ ਜਾਣੇ ਹਨ ਜੋ ਉਹ ਇਸ ਸੰਸਾਰ ਵਿੱਚ ਕਰਕੇ ਜਾਵੇਗਾ। ਮੈਨੂੰ ਤੇ ਅਜਿਹਾ ਜਨੇਊ ਪਾਓ ਜੋ ਪਰਲੋਕ ਵਿੱਚ ਵੀ ਮੇਰੇ ਨਾਲ ਜਾਵੇ। ਪੰਡਿਤ ਜੀ ਕਹਿਣ ਲੱਗੇ ਕਿ ਅਜਿਹੇ ਜਨੇਊ ਬਾਰੇ ਤੁਸੀਂ ਆਪ ਹੀ ਦੱਸੋ ਉਹ ਕਿਹੋ ਜਿਹਾ ਹੁੰਦਾ ਹੈ। ਗੁਰੂ ਜੀ ਨੇ ਕਿਹਾ ਕਿ ਅਜਿਹਾ ਜਨੇਊ ਬਣਾਉਣ ਲਈ ਦਇਆ ਰੂਪੀ ਕਪਾਹ , ਸੰਤੋਖ ਰੂਪੀ ਸੂਤ, ਜਤ ਰੂਪੀ ਗੰਢ ਅਤੇ ਸਤ ਰੂਪੀ ਵੱਟ ਵਰਤੇ ਜਾਣ ਤਾਂ ਅਜਿਹਾ ਜਨੇਊ ਬਣਦਾ ਹੈ।
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹੀ ਤ ਪਾਡੇ ਘਤੁ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।।
ਅਜਿਹੇ ਗੁਣਾਂ ਵਾਲਾ ਮਨੁੱਖ ਜਦ ਚੰਗੇ ਕੰਮ ਕਰਦਾ ਹੈ, ਕਿਸੇ ਦਾ ਭਲਾ ਕਰਦਾ ਹੈ ਅਤੇ ਨੇਕ ਕਮਾਈ ਕਰਦਾ ਹੈ ਤਾਂ ਉਹ ਨੀਚ ਜਾਤੀ ਦਾ ਹੁੰਦਾ ਹੋਇਆ ਵੀ ਉੱਚੀ ਜਾਤੀ ਦਾ ਬਣ ਜਾਂਦਾ ਹੈ।
ਮੁਖਤਾਰ ਸਿੰਘ ਗੁਰਾਇਆ