17/09/2023
ਅੱਸੂ ਮਹੀਨੇ ਦੀ ਸੰਗਰਾਦ ਦਾ ਹੁਕਮਨਾਮਾ :
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ ਜਿੰਨ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
(ਅੰਗ ੧੩੪-੧੩੫)
ਵਿਆਖਿਆ :
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹੇ ਮਾਂ! ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ ਅੱਸੂ ਦੀ ਮਿੱਠੀ-ਮਿੱਠੀ ਰੁੱਤ ਵਿੱਚ ਮੇਰੇ ਅੰਦਰ ਪ੍ਰਭੂ-ਪਤੀ ਦੇ ਪਿਆਰ ਦਾ ਉਛਾਲਾ ਆ ਰਿਹਾ ਹੈ। ਮਨ ਤੜਫ਼ਦਾ ਹੈ ਕਿ ਕਿਸੇ ਨਾਂ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੋਈ ਹੈ। ਚਿੱਤ ਲੋਚਦਾ ਹੈ ਕਿ ਕੋਈ ਉਸ ਪਤੀ ਨੂੰ ਲਿਆ ਕੇ ਮੇਲ ਕਰਾ ਦੇਵੇ। ਇਹ ਸੁਣ ਕੇ ਕਿ ਸੰਤ-ਜਨ ਪ੍ਰੇਮ ਵਧਾਉਣ ਵਿੱਚ ਸਹਾਇਤਾ ਕਰਿਆ ਕਰਦੇ ਹਨ, ਮੈਂ ਉਨ੍ਹਾਂ ਦੇ ਚਰਨੀਂ ਲੱਗੀ ਹਾਂ। ਹੇ ਮਾਂ! ਪ੍ਰਭੂ ਤੋਂ ਬਿਨ੍ਹਾਂ ਸੁਖ-ਆਨੰਦ ਨਹੀਂ ਮਿਲ ਸੱਕਦਾ, ਕਿਉਂਕਿ ਸੁਖ-ਆਨੰਦ ਦੀ ਹੋਰ ਕੋਈ ਥਾਂ ਹੀ ਨਹੀਂ। ਜਿੰਨ੍ਹਾਂ ਵਡ-ਭਾਗੀਆਂ ਨੇ ਪ੍ਰਭੂ-ਪਿਆਰ ਦਾ ਸੁਆਦ ਇੱਕ ਵਾਰੀ ਚੱਖ ਲਿਆ ਹੈ, ਉਨ੍ਹਾਂ ਨੂੰ ਮਾਇਆ ਦੇ ਸੁਆਦ ਭੁੱਲ੍ਹ ਜਾਂਦੇ ਹਨ। ਮਾਇਆ ਵੱਲੋਂ ਉਹ ਰੱਜ ਜਾਂਦੇ ਹਨ। ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ। ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖ਼ਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ ਉਸ ਮਿਲਾਪ ਵਿੱਚੋਂ ਵਿੱਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ। ਕਿਉਂ ਕਿ ਹੇ ਨਾਨਕ, ਉਸ ਨੂੰ ਨਿਸ਼ਚਾ ਆ ਜਾਂਦਾ ਹੈ ਕਿ ਸਦੀਵੀ ਸੁੱਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨ੍ਹਾਂ ਹੋਰ ਕੋਈ ਥਾਂ ਨਹੀਂ ਹੈ। ਉਹ ਸਦਾ ਪ੍ਰਭੂ ਦੀ ਸ਼ਰਨ ਪਈ ਰਹਿੰਦੀ ਹੈ। ਅੱਸੂ ਦੀ ਮਿੱਠੀ-ਮਿੱਠੀ ਰੁੱਤ ਵਿੱਚ ਉਹ ਜੀਵ-ਇਸਤ੍ਰੀਆਂ ਸੁੱਖ ਵਿੱਚ ਵੱਸਦੀਆਂ ਹਨ, ਜਿੰਨ੍ਹਾਂ ਉੱਤੇ ਪਰਮਾਤਮਾ ਦੀ ਕ੍ਰਿਪਾ ਹੁੰਦੀ ਹੈ ॥੮॥