15/02/2024
🙏🙏🌹🌹💐💐🙏
ਬਸੰਤ ਦੀ ਆਮਦ ਖ਼ਿਜ਼ਾਂ ਦੇ ਕੂਚ ਦਾ ਹੁਕਮ ਹੁੰਦਾ ਹੈ।ਸੰਨ ੧੮੧੬ ਦੀ ਬਸੰਤ,ਰੱਬੀ ਰਹਿਮਤ ਨਾਲ ਪੁਨੀਤ ਹੋਈ ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਾਪਾਂ ਕਲੇਸ਼ਾਂ ਵਿੱਚ ਗ੍ਰਸੀ ਮਾਨਵਤਾ ਦੇ ਕਲਿਆਣ ਲਈ ਪਿੰਡ ਰਾਈਆਂ ਵਿਖੇ ਅਵਤਾਰ ਧਾਰਿਆ।
ਓਸੇ ਸਮੇਂ ਤੋਂ ਹੀ ਬਸੰਤ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਪ੍ਰਯਾਯਵਾਚੀ ਹੋ ਚੁੱਕੇ ਹਨ।ਇਸ ਲਈ ਅਸੀਂ ਜਦੋਂ ਵੀ ਬਸੰਤ ਦੀ ਗੱਲ ਕਰਦੇ ਹਾਂ ਤਾਂ ਦਰਅਸਲ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਹਾਂ।
ਬਸੰਤ ਸਾਡੇ ਲਈ ਸਾਤਵਿਕ ਆਹਾਰ ਵਿਚਾਰ ਅਤੇ ਆਚਾਰ ਦੁਆਰਾ ਪਣਪੀ, ਸਿਮਰਨ ਅਤੇ ਸੇਵਾ ਰਾਹੀਂ ਪ੍ਰਫੁੱਲਤ ਹੋਈ,ਕੁਲ ਜੀਵ ਮਾਤ੍ਰ ਪ੍ਰਤੀ ਅਹਿੰਸਾ,ਪ੍ਰੇਮ ਦੀ ਭਾਵਨਾ ਅਤੇ ਸਰਬਤ ਦੇ ਭਲੇ ਦਾ ਹੀ ਸੰਦੇਸ਼ ਲੈ ਕੇ ਆਉਂਦੀ ਹੈ।
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਜੀਵਨ ਚਿ੍ਤਰ ਸਮੁੱਚੀ ਕਾਇਨਾਤ ਵਰਗੇ ਕੈਨਵਸ ਉਤੇ ਪੱਸਰਿਆ ਹੋਇਆ ਹੈ। ਉਹਨਾਂ ਦੇ ਜੀਵਨ -ਇਤਿਹਾਸ ਦਾ ਫੈਲਾਓ ਮਨੁੱਖੀ ਜ਼ੁਬਾਨਾਂ ਜਾਂ ਕਲਮ ਦੇ ਸ਼ਬਦਾਂ ਦੀ ਵਲਗਣ ਵਿਚ ਨਹੀਂ ਆ ਸਕਦਾ। ਜਿਵੇਂ ਕੁਦਰਤ ਅਨੰਤ ਹੈ ਤਿਵੇਂ ਹੀ ਉਹਨਾਂ ਦਾ ਵਿਅਕਤਿਤਵ ਹੈ।ਪਰ ਤਾਂ ਵੀ ਇਹ ਸ਼ਬਦ ਹੀ ਹਨ ਜਿਨ੍ਹਾਂ ਰਾਹੀਂ ਅਸੀਂ ਮਨੋਭਾਵ ਸਾਂਝੇ ਕਰਦੇ ਹਾਂ।ਪਰ ਸ਼ਾਇਦ ਕਲਮਾਂ ਦੇ ਦਰਿਆ ਦਾ ਆਦਿ ਅੰਤ ਵੀ ਇਸ ਦੀ ਥਾਹ ਨਾ ਪਾ ਸਕੇ। ਕਿਸੇ ਵੀ ਕਲਮ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਸ਼ਖ਼ਸੀਅਤ ਦਾ ਮੁਲਾਂਕਣ ਕੀ ਕਰਨਾ ਹੈ,ਐਸੀ ਸਮਰੱਥਾ ਲੋਕਾਈ ਦੀ ਕਿਸੇ ਕਲਮ ਵਿਚ ਸ਼ਾਇਦ ਨਹੀਂ ਹੈ!
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪਾਵਨ ਆਗਮਨ ਭਾਰਤੀ ਸਮਾਜ ਦੀ ਗ਼ੁਲਾਮੀ ਤੋਂ ਮੁਕਤੀ ਦੀ ਦ੍ਰਿਸ਼ਟੀ ਤੋਂ ਅਤਿ ਕਥਨੀ ਦੀ ਹੱਦ ਤੱਕ ਮਹੱਤਵਪੂਰਨ ਹੈ।ਮਾਨਵੀ ਕਦਰਾਂ ਕੀਮਤਾਂ ਦੇ ਨਿਘਾਰ ਅਤੇ ਰਾਜਸੀ ਸ਼ਿਕੰਜੇ ਦੀ ਮਜ਼ਬੂਤੀ ਹੇਠ ਤਹਿਸ-ਨਹਿਸ ਹੋਏ ਜਨਜੀਵਨ ਅਤੇ ਅਨਪੜ੍ਹਤਾ ਅਤੇ ਬੇਸਾਹਸੀ ਦੇ ਅੰਨ੍ਹੇਪਨ ਨੂੰ ਸ੍ਰੀ ਭੈਣੀ ਸਾਹਿਬ ਦੀ ਧਰਤੀ ਉੱਤੇ ਚਮਕਦੀ ਇਕ ਕਿਰਨ ਦਿਖਾਈ ਦਿੱਤੀ।ਇਸ ਰੌਸ਼ਨੀ ਦੇ ਤੇਜ਼ ਨੇ ਅੰਗਰੇਜ਼ੀ ਸਾਮਰਾਜ ਦੀਆਂ ਅੱਖਾਂ ਚੁੰਧਿਆ ਦਿੱਤੀਆਂ। ਪੰਜਾਬੀਆਂ ਦੀ ਸੁੱਤੀ ਪਈ ਆਤਮਾ ਨੇ ਅੱਖ ਪੁੱਟੀ ਤਾਂ ਚਾਰ ਚੁਫੇਰੇ ਅਲਾਹੀ ਨੂਰ ਦਾ ਪ੍ਰਕਾਸ਼ ਸੀ।ਇਹ ਪ੍ਰਕਾਸ਼ ਪੰਜਾਬੀ ਜਨ ਸਮੂਹ ਨੂੰ ਆਜ਼ਾਦੀ ਦੀ ਲਟ ਲਟ ਬਲ ਰਹੀ ਜਵਾਲਾ ਦੀਆਂ ਰਾਹਾਂ ਤੱਕ ਲੈ ਗਿਆ।
ਕੁਰਬਾਨੀ -ਦਰ-ਕੁਰਬਾਨੀ ਦੇ ਜਜ਼ਬੇ ਨੇ ਐਸੀ ਅੰਗੜਾਈ ਲਈ ਕਿ ਕੁਰਬਾਨੀਆਂ ਦਾ ਮੀਂਹ ਵਰ੍ਹ ਪਿਆ। ਸਵਦੇਸ਼ੀ -ਸਵਦੇਸੀ਼ ਦੀ ਐਸੀ ਗੂੰਜ ਉੱਠੀ ਕਿ ਨਿੱਕੇ ਤੋਂ ਨਿੱਕਾ ਘਰ ਵੀ ਪੂਰਾ ਭਾਰਤ ਦੇਸ਼ ਬਣ ਗਿਆ।ਸਵੈਨਿਰਭਰਤਾ ਦਾ ਅਜਿਹਾ ਸੁੱਚਾ ਸੰਕਲਪ ਭਾਰਤੀ ਮਾਨਸਿਕਤਾ ਦਾ ਅੰਗ ਬਣ ਕੇ ਫੁੱਟਿਆ ਕਿ ਹੌਲੀ ਹੌਲੀ ਕੌਮੀ ਮੁਕਤੀ ਲਹਿਰ ਦੀ ਜਿੰਦ ਜਾਨ ਬਣ ਗਿਆ। ਨਾਮਧਾਰੀ ਹੋਣ ਦਾ ਮੰਤਵ ਕੱਟੜ ਅੰਗਰੇਜ਼ ਵਿਰੋਧੀ ਹੋਣਾ ਹੋ ਗਿਆ।
ਸਭਿਆਚਾਰ ਦੀਆਂ ਸੰਚਾਰ -ਵਿਧੀਆਂ ਦਾ ਅਧਿਐਨ ਕਰੀਏ ਤਾਂ ਮਨੁੱਖ ਦਾ ਪਹਿਰਾਵਾ ਹੀ ਉਸਦੀ ਸ਼ਖ਼ਸੀਅਤ ਅਤੇ ਸਭਿਆਚਾਰਕ ਪਿਛੋਕੜ ਨੂੰ ਪਹਿਲੀ ਜ਼ੁਬਾਨ ਪ੍ਰਦਾਨ ਕਰਦਾ ਹੈ। ਨਾਮਧਾਰੀ ਬਾਣੇ ਦੀ ਜ਼ੁਬਾਨ ਸ਼ੁਧ -ਸਵੱਛ ਅਤੇ ਹਲੀਮੀ ਵਾਲੀ ਹੈ।
ਅਜ਼ਾਦੀ ਦੀ ਲੜਾਈ ਦੇ ਮਤਵਾਲੇ ਸੰਕਲਪ ਤੋਂ ਆਜ਼ਾਦੀ ਦੀ ਕਾਇਮੀ ਅਤੇ ਰਾਖੀ ਦੇ ਵਰਤਮਾਨ ਸੰਕਲਪ ਤੱਕ ਯਾਨੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਮੁੱਢਲੇ ਪ੍ਰਵਚਨਾਂ ਤੋਂ ਲੈ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਅਜੋਕੇ ਪ੍ਰਵਚਨਾਂ ਤੱਕ ਫੈਲਿਆ ਹੋਇਆ ਇਹ ਸੰਚਾਰ -ਮਾਡਲ ਸੱਚਾ ਸੁੱਚਾ ਹੈ,ਸਦਾ ਸੱਚਾ ਹੈ,ਜਿਹੜਾ ਕਦੇ ਸਾਨੂੰ ਇਤਿਹਾਸ ਦੇ ਸੂਰਜ ਤੋਂ ਪ੍ਰਾਪਤ ਹੁੰਦਾ ਹੈ ਅਤੇ ਕਦੇ ਵਰਤਮਾਨ ਦੇ ਚੰਦਰਮਾ ਤੋਂ।ਜਿਹੜਾ ਕਦੇ ਸਾਨੂੰ ਸਿਮਰਤੀਆਂ ਦੇ ਆਕਾਸ਼ ਵਿੱਚੋਂ ਝੱਰਦਾ ਦਿਸਦਾ ਹੈ ਅਤੇ ਕਦੇ ਸੂਝ ਸਮਝ ਦੇ ਖੰਭਾਂ ਦੀ ਫਰ ਫਰ ਵਿਚੋਂ -ਇਹ ਸਭ ਕੁਝ ਬਹੁਤ ਚਮਤਕਾਰੀ ਹੈ।
ਸ਼ਾਇਦ ਹੀ ਦੁਨੀਆਂ ਦਾ ਕੋਈ ਧਰਮ ਅਜਿਹਾ ਹੋਵੇਗਾ ਜਿਸ ਨੇ ਆਪਣੇ ਪ੍ਰਵਚਨਾਂ ਨੂੰ ਦਿਨੋਂ ਦਿਨ ਬਦਲ ਰਹੀ ਜ਼ਿੰਦਗੀ ਦੀਆਂ ਪਦਾਰਥਕ ਲੋੜਾਂ ਨਾਲ ਵੀ ਓਨੀ ਹੀ ਸ਼ਿੱਦਤ ਨਾਲ ਜੋੜਿਆ ਹੋਵੇਗਾ, ਜਿੰਨੀ ਸ਼ਿੱਦਤ ਨਾਲ ਰੂਹਾਨੀ ਅਤੇ ਅਧਿਆਤਮਕ ਲੋੜਾਂ ਨਾਲ।
ਜੀਵਨ ਯਥਾਰਥ ਨਾਲ ਗਹਿਰੀ ਤਰ੍ਹਾਂ ਜੁੜੀ ਹੋਈ ਇਸ ਅਦਭੁਤ ਧਰਮ ਭਾਵਨਾ ਦੀ ਅਜੇਹੀ ਖੁਸ਼ਬੂ ਹੀ ਸ਼ਾਇਦ ਉਹ ਅਮੂਰਤ ਸੱਚ ਹੈ ਜਿਹੜਾ ਸਾਡੇ ਮਨ ਵਿੱਚ ਵੱਸਿਆ ਹੋਇਆ ਹੈ ਅਤੇ ਸਾਨੂੰ ਇਸ ਅਮੂਰਤ ਸ਼ਕਤੀ ਨਾਲ ਜੋੜੀ ਰੱਖਦਾ ਹੈ।
ਨਿਰੰਕਾਰ, ਅਪਰੰਪਾਰ,ਅਗੰਮੀ , ਇਲਾਹੀ ਜੋਤ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਨੂਰਾਨੀ ਦਰਸ਼ਨਾਂ ਦੀ ਤਾਂਘ ਅਤੇ ਤਲਬ,ਅਭਿਲਾਖਾ ਹਰ ਨਾਮਧਾਰੀ ਦੇ ਦਿਲ ਵਿਚ ਤ੍ਰਿਪਤੀ ਦੀ ਇੰਤਜ਼ਾਰ ਵਿੱਚ ਹੈ।
ਸਵਾਮੀ ਤੁਲਸੀ ਦਾਸ ਜੀ ਦੀਆਂ ਇਹ ਲਾਈਨਾਂ 'ਭਾਗ ਛੋਟ ਅਭਿਲਾਸ਼ ਬੜ ' ਯਾਦ ਆ ਰਹੀਆਂ ਹਨ।ਯਾਨੀ ਮੇਰਾ ਭਾਗ (ਕਿਸਮਤ)ਛੋਟੀ ਹੈ ਅਭਿਲਾਖਾ ਵੱਡੀ ਹੈ।
ਆਓ ਅਸੀਂ ਸਭ ਅਰਦਾਸ ਕਰੀਏ ਸਾਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪਾਵਨ ਦਰਸ਼ਨ ਹੋਣ। ਪ੍ਰਦੇਸੀ ਪ੍ਰੀਤਮ ਚੀਨੀ ਵਾਲੇ ਪਾਤਸ਼ਾਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਮਿਹਰ ਕਰਨ, ਬਖਸ਼ਿਸ਼ ਕਰਨ ਉਨ੍ਹਾਂ ਦੇ ਦਰਸ਼ਨ ਦੀਦਾਰੇ ਦੀ ਦਾਤ ਸਾਡੇ ਸਾਰਿਆਂ ਦੀ ਝੋਲੀ ਪਵੇ।
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ੨੦੮ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
ਧੰਨ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ।
ਧੰਨ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।
ਧੰਨ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।
ਸੰਪਾਦਨਾ:ਨਰੈਣ ਸਿੰਘ ਜਲੰਧਰ।
Narain Singh
🙏🙏🌹🌹💐💐🙏