07/08/2026
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ🙏🏻🙏🏻
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ।।
ਰੋਗੀ ਕਾ ਪ੍ਰਭ ਖੰਡੋ ਰੋਗ ।
ਦੁਖੀਏ ਕਾ ਮਿਟਾਵਹੁ ਪ੍ਰਭ ਸੋਘ ।।
ਧੰਨ ਧੰਨ ਪਿਤਾ ਧੰਨ ਧੰਨ ਕੁਲੁ।
ਧੰਨ ਧੰਨ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ।।
ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ।
ਰੱਬ ਆਪ ਸਾਰਿਆਂ ਉੱਤੇ ਮਿਹਰ ਭਰਿਆਂ ਹੱਥ ਬਣਾਈ ਰੱਖਣ ਜੀ ਅਤੇ ਸਾਰਿਆਂ ਨੂੰ ਨਾਮ ਬਾਣੀ ਅਤੇ ਗੁਰਸਿੱਖੀ ਜੀਵਨ ਨਾਲ ਜੋੜੀ ਰੱਖਣ ਜੀ।
ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਿੱਕੀ ਜਿਹੀ ਉਮਰ ਤੋਂ ਹੀ ਗੁਰੂ ਘਰ ਵਿੱਚ ਅਤੇ ਗੁਰਬਾਣੀ ਵਿੱਚ ਲਿਨ ਹੋ ਗਏ ਸਨ। ਇਹ ਉਹ ਮਹਾਨ ਗੁਰੂ ਸਨ ਜਿਨ੍ਹਾਂ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਮਨੁੱਖਤਾ ਦੀ ਸੇਵਾ, ਨਿਮਰਤਾ ਅਤੇ ਦਇਆ ਦਾ ਅਜਿਹਾ ਸੰਦੇਸ਼ ਦਿੱਤਾ ਜੋ ਅੱਜ ਵੀ ਸਾਰੀ ਦੁਨੀਆ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਮਹਾਨਤਾ ਉਮਰ ਨਾਲ ਨਹੀਂ, ਸਗੋਂ ਉੱਚੇ ਕਰਮਾਂ, ਪਵਿੱਤਰ ਵਿਚਾਰਾਂ ਅਤੇ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝਣ ਨਾਲ ਮਿਲਦੀ ਹੈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਉਹ ਸੱਤਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਛੋਟੇ ਸਪੁੱਤਰ ਸਨ। ਬਚਪਨ ਤੋਂ ਹੀ ਉਨ੍ਹਾਂ ਦੇ ਚਿਹਰੇ ਉੱਤੇ ਅਦਭੁੱਤ ਤੇਜ, ਦਿਲ ਵਿੱਚ ਅਥਾਹ ਦਇਆ ਅਤੇ ਬਚਨਾਂ ਵਿੱਚ ਮਿੱਠਾਸ ਸੀ। ਹਰ ਕੋਈ ਉਨ੍ਹਾਂ ਦੇ ਦਰਸ਼ਨ ਕਰਕੇ ਆਤਮਿਕ ਸ਼ਾਂਤੀ ਦਾ ਅਨੁਭਵ ਕਰਦਾ ਸੀ।
ਕੇਵਲ ਪੰਜ ਸਾਲ ਦੀ ਨਿੱਕੀ ਜਿਹੀ ਉਮਰ ਵਿੱਚ ਉਨ੍ਹਾਂ ਨੇ ਗੁਰਗੱਦੀ ਸੰਭਾਲੀ। ਦੁਨੀਆ ਲਈ ਇਹ ਇੱਕ ਹੈਰਾਨੀ ਵਾਲੀ ਗੱਲ ਸੀ ਕਿ ਇੰਨੀ ਛੋਟੀ ਉਮਰ ਦਾ ਬਾਲਕ ਪੂਰੀ ਸਿੱਖ ਕੌਮ ਦੀ ਅਗਵਾਈ ਕਿਵੇਂ ਕਰੇਗਾ। ਪਰ ਗੁਰੂ ਸਾਹਿਬ ਜੀ ਨੇ ਆਪਣੇ ਆਚਰਨ ਨਾਲ ਸਾਬਤ ਕਰ ਦਿੱਤਾ ਕਿ ਜਿੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਵੱਸਦੀ ਹੋਵੇ, ਉੱਥੇ ਉਮਰ ਕੋਈ ਰੁਕਾਵਟ ਨਹੀਂ ਬਣਦੀ।
ਇੱਕ ਵਾਰ ਇੱਕ ਹੰਕਾਰੀ ਪੰਡਿਤ ਨੇ ਗੁਰੂ ਸਾਹਿਬ ਜੀ ਦੀ ਪਰਖ ਲੈਣੀ ਚਾਹੀ। ਉਸ ਦਾ ਮੰਨਣਾ ਸੀ ਕਿ ਇੰਨੀ ਛੋਟੀ ਉਮਰ ਦਾ ਬੱਚਾ ਗੁਰਬਾਣੀ ਅਤੇ ਗੀਤਾ ਦਾ ਭੇਦ ਨਹੀਂ ਸਮਝ ਸਕਦਾ। ਗੁਰੂ ਸਾਹਿਬ ਜੀ ਨੇ ਉਸ ਨੂੰ ਇੱਕ ਸਾਦੇ-ਸਿੱਧੇ ਪਾਣੀ ਭਰਨ ਵਾਲੇ ਗੂੰਗੇ ਭਾਈ ਛੱਜੂ ਰਾਮ ਵੱਲ ਇਸ਼ਾਰਾ ਕੀਤਾ ਅਤੇ ਆਪਣੀ ਕਿਰਪਾ ਨਾਲ ਉਸ ਸਧਾਰਨ ਮਨੁੱਖ ਦੇ ਮੁਖੋਂ ਅਜਿਹਾ ਆਤਮਿਕ ਗਿਆਨ ਪ੍ਰਗਟ ਹੋਇਆ ਕਿ ਵਿਦਵਾਨ ਪੰਡਿਤ ਵੀ ਹੈਰਾਨ ਹੋ ਗਿਆ। ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਸੱਚਾ ਗਿਆਨ ਨਾ ਵਿਦਵਤਾ ਦਾ ਮੋਹਤਾਜ ਹੈ ਅਤੇ ਨਾ ਹੀ ਉੱਚੇ ਅਹੁਦੇ ਦਾ, ਸਗੋਂ ਉਹ ਤਾਂ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਜਦੋਂ ਦਿੱਲੀ ਵਿੱਚ ਚੇਚਕ ਅਤੇ ਹੈਜ਼ੇ ਵਰਗੀਆਂ ਭਿਆਨਕ ਬਿਮਾਰੀਆਂ ਫੈਲੀਆਂ ਹੋਈਆਂ ਸਨ, ਲੋਕ ਡਰ ਅਤੇ ਨਿਰਾਸ਼ਾ ਵਿੱਚ ਜੀ ਰਹੇ ਸਨ। ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸੁੱਖ ਦੀ ਕੋਈ ਪਰਵਾਹ ਨਾ ਕਰਦਿਆਂ ਦਿਨ-ਰਾਤ ਬਿਮਾਰਾਂ ਦੀ ਸੇਵਾ ਕੀਤੀ। ਉਹ ਬਿਮਾਰਾਂ ਨੂੰ ਹੌਸਲਾ ਦਿੰਦੇ, ਪਿਆਰ ਨਾਲ ਮਿਲਦੇ ਅਤੇ ਪ੍ਰਭੂ ਦਾ ਨਾਮ ਜਪਣ ਲਈ ਪ੍ਰੇਰਿਤ ਕਰਦੇ। ਉਨ੍ਹਾਂ ਦੀ ਕਿਰਪਾ ਨਾਲ ਅਨੇਕਾਂ ਦੁਖੀ ਲੋਕਾਂ ਨੂੰ ਆਤਮਿਕ ਬਲ ਅਤੇ ਰਾਹਤ ਮਿਲੀ।
ਸੇਵਾ ਕਰਦੇ-ਕਰਦੇ ਗੁਰੂ ਸਾਹਿਬ ਜੀ ਨੇ ਖੁਦ ਵੀ ਚੇਚਕ ਦੀ ਬਿਮਾਰੀ ਨੂੰ ਆਪਣੇ ਸਰੀਰ ਉੱਤੇ ਸਹਾਰ ਲਿਆ। ਪਰ ਉਨ੍ਹਾਂ ਦੇ ਮੁਖ ਉੱਤੇ ਨਾ ਕੋਈ ਸ਼ਿਕਵਾ ਸੀ ਅਤੇ ਨਾ ਹੀ ਕੋਈ ਡਰ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤੀ। ਕੇਵਲ ਅੱਠ ਸਾਲ ਦੀ ਉਮਰ ਵਿੱਚ ਹੀ ਉਹ ਜੋਤੀ ਜੋਤ ਸਮਾ ਗਏ, ਪਰ ਇੰਨੇ ਥੋੜ੍ਹੇ ਸਮੇਂ ਵਿੱਚ ਵੀ ਉਨ੍ਹਾਂ ਨੇ ਅਜਿਹੀ ਅਮਰ ਛਾਪ ਛੱਡੀ ਜੋ ਸਦੀਆਂ ਤੱਕ ਸੰਸਾਰ ਨੂੰ ਰੌਸ਼ਨ ਕਰਦੀ ਰਹੇਗੀ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਭਗਤੀ ਸਿਰਫ਼ ਬਾਣੀ ਪੜ੍ਹਨ ਵਿੱਚ ਨਹੀਂ, ਸਗੋਂ ਦੁਖੀਆਂ ਦੇ ਅੱਥਰੂ ਪੂੰਝਣ ਵਿੱਚ ਹੈ। ਸੇਵਾ ਹੀ ਸਭ ਤੋਂ ਵੱਡੀ ਪੂਜਾ ਹੈ, ਨਿਮਰਤਾ ਹੀ ਸਭ ਤੋਂ ਵੱਡਾ ਗਹਿਣਾ ਹੈ ਅਤੇ ਦਇਆ ਹੀ ਮਨੁੱਖ ਦਾ ਸਭ ਤੋਂ ਵੱਡਾ ਧਰਮ ਹੈ। ਜੇਕਰ ਅਸੀਂ ਆਪਣੇ ਜੀਵਨ ਵਿੱਚ ਕਿਸੇ ਇੱਕ ਦੁਖੀ ਮਨੁੱਖ ਦੇ ਚਿਹਰੇ ਉੱਤੇ ਮੁਸਕਾਨ ਲਿਆ ਸਕੀਏ, ਤਾਂ ਉਹੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸੱਚੀ ਮਨਾਈ ਹੋਵੇਗੀ।
ਬੇਨਤੀ ਹੈ ਜੀ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਜੀ ਅਤੇ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲੋ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🏻🙏🏻