17/01/2019
ਸੇਵਾ ਦੇ ਪੁੰਜ ਯੁੱਗ ਪੁਰਸ਼ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਵਾਲੇ 🙏
A Art by Gurpreet Singh Ji
ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਰਾਜੇਵਾਲ ਰੋਹਣੋ ਪਿੰਡ ਵਿੱਚ ਮਾਤਾ ਮਹਿਤਾਬ ਕੌਰ ਅਤੇ ਪਿਤਾ ਛਿੱਬੂ ਮੱਲ ਦੇ ਘਰ ਹੋਇਆ। ਭਗਤ ਪੂਰਨ ਸਿੰਘ ਸੇਵਾ ਦੀ ਬੇਮਿਸਾਲ ਮੂਰਤ ਸਨ। ਸੇਵਾ ਦੀ ਲਗਨ ਭਗਤ ਜੀ ਨੂੰ ਉਨ੍ਹਾਂ ਦੀ ਮਾਤਾ ਮਹਿਤਾਬ ਕੌਰ ਨੇ ਬਚਪਨ ਵਿੱਚ ਹੀ ਗੁਰੂ ਘਰ ਦੀ ਸੇਵਾ ਕਰਨ ਵਾਲੀਆਂ ਸਾਖੀਆਂ ਸੁਣਾ ਕੇ ਲਾ ਦਿੱਤੀ ਸੀ। ਜਦੋਂ ਦੋਵੇਂ ਗਲੀਆਂ ਵਿੱਚ ਇਕੱਠੇ ਤੁਰਦੇ ਤਾਂ ਮਾਤਾ ਮਹਿਤਾਬ ਕੌਰ ਕੱਚ, ਪੱਥਰ ਅਤੇ ਕਿੱਲਾਂ ਨੂੰ ਚੁੱਕਣਾ ਸਿਖਾਉਂਦੀ ਅਤੇ ਦੂਜਿਆਂ ਦੇ ਦਰਦ ਨੂੰ ਹਿਰਦੇ ਭਰਨ ਦਾ ਯਤਨ ਕਰਦੀ। ਇਹੀ ਦਰਦ ਮਹਿਸੂਸ ਕਰਨ ਦੀ ਭਾਵਨਾ ਭਗਤ ਜੀ ਦੇ ਆਪਣੇ ਜੀਵਨ ਦੇ ਆਖ਼ਰੀ ਪਲਾਂ ਤੱਕ ਪ੍ਰਤੱਖ ਰੂਪ ਵਿੱਚ ਡੁੱਲ ਡੁੱਲ ਪੈਂਦੀ ਸੀ। ਜਿੱਥੇ ਵੀ ਕਿਤੇ ਸੜਕਾਂ ਜਾਂ ਗਲੀਆਂ ਵਿੱਚ ਕੋਈ ਕੱਚ ਛਿੱਲੜ ਜਾਂ ਰੋੜਾ ਦੇਖਦੇ ਉਸ ਨੂੰ ਚੁੱਕ ਕੇ ਇੱਕ ਪਾਸੇ ਕਰ ਦਿੰਦੇ। ਇਸੇ ਲਈ ਲਾਹੌਰ ਵਿੱਚ ਭਗਤ ਜੀ ਨੂੰ ਲੋਕ ‘ਕੇਲੇ ਦੇ ਛਿੱਲੜਾਂ ਵਾਲਾ ਬਾਬਾ’ ਕਹਿ ਕੇ ਛੇੜਦੇ ਪਰ ਅਜਿਹੀਆਂ ਗੱਲਾਂ ਉਨ੍ਹਾਂ ਨੂੰ ਆਪਣੇ ਮਾਰਗ ਤੋਂ ਨਾ ਡੁਲਾ ਨਾ ਸਕੀਆਂ।
ਮਾਤਾ ਦੀ ਬਿਮਾਰੀ ਨੇ ਪੂਰਨ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਲਿਆਂਦਾ ਜਿਹੜਾ ਲੋਕਾਈ ਪ੍ਰਤੀ ਹਮਦਰਦੀ ਦਾ ਮੁਜੱਸਮਾ ਬਣ ਕੇ ਨਿੱਤਰਿਆ। ਲੋਕਾਈ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਵਾਚਣ ਦੀ ਪਿਰਤ ਪੈਣੀ ਆਰੰਭ ਹੋਈ। ਇਹ ਦ੍ਰਿਸ਼ਟੀਕੋਣ ਨਫ਼ਰਤ ਜਾਂ ਈਰਖਾ ਤੋਂ ਕੋਹਾਂ ਦੂਰ ਸੀ। ਮਤਰੇਈ ਮਾਂ ਅਤੇ ਮਤਰਏ ਭੈਣ ਭਰਾਵਾਂ ਦੇ ਵਿਵਹਾਰ ਦੇ ਥਪੇੜਿਆਂ ਨੇ ਉਨ੍ਹਾਂ ਦੀ ਵਿਦਿਅਕ ਯੋਗਤਾ ਨੂੰ ਮਾਨਸਿਕ ਤੌਰ ’ਤੇ ਭੰਗ ਕਰ ਦਿੱਤਾ ਸੀ। ਖੰਨੇ ਸਕੂਲ ਦੀ ਲਾਇਬ੍ਰੇਰੀ ਵਿੱਚ ਉਸ ਦੀ ਰੁਚੀ ਵਿਸ਼ਾਲ ਹੋਈ ਜਿਹੜੀ ਰਾਮਜੀ ਦੇ ਜੀਵਨ ਦੇ ਅੰਤਲੇ ਪਲਾਂ ਤੱਕ ਕਾਇਮ ਰਹੀ।
1934 ਵਿੱਚ ਭਗਤ ਪੂਰਨ ਸਿੰਘ ਜੀ ਡੇਹਰਾ ਸਾਹਿਬ ਲਾਹੌਰ ਦੇ ਗੁਰਦੁਆਰੇ ਦੇ ਬਾਹਰ ਇੱਕ ਪੰਜ ਸਾਲ ਦੇ ਲੂਲ੍ਹੇ ਬੱਚੇ ਦੀ ਹਾਲਤ ਨੂੰ ਦੇਖ ਕੇ ਪੰਘਰ ਗਏ ਤੇ ਉਸ ਦੀ ਸੇਵਾ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ। ਬੱਚੇ ਦਾ ਪਿਤਾ ਫਿਰ ਦੋ ਸਿੰਘ ਤੇ ਫਿਰ ਗੁਰਦੁਆਰੇ ਦੇ ਮੋਢੀ ਇਹ ਜ਼ਿੰਮੇਵਾਰੀ ਲੈਣ ਤੋਂ ਇਨਕਾਰੀ ਹੋ ਗਏ ਸਨ। ਭਗਤ ਜੀ ਨੇ ਬੱਚੇ ਨੂੰ ਆਪਣੇ ਹੱਥਾਂ ਨਾਲ ਸਾਫ਼ ਕੀਤਾ ਅਤੇ ਮਾਵਾਂ ਵਾਲਾ ਪਿਆਰ ਦਿੱਤਾ। ਇਹੀ ਪਿਆਰ ਉਨ੍ਹਾਂ ਹਰ ਅਨਾਥ, ਬੇਸਹਾਰਾ ਅਤੇ ਬਿਮਾਰੀ ਨਾਲ ਪੀੜਤ ਬੱਚੇ ਅਤੇ ਬੁੱਢੇ ਨੂੰ ਦਿੱਤਾ। ਇਸ ਸੇਵਾ ਨੂੰ ਭਗਤ ਪੂਰਨ ਸਿੰਘ ਜੀ ਨੇ ਬੜੀ ਸ਼ਿੱਦਤ ਨਾਲ ਨਿਭਾਇਆ। ਉਹ ਇਸ ਲੂਲ੍ਹੇ ਬੱਚੇ ਨੂੰ ਹਰ ਵਕਤ ਆਪਣੇ ਪਿੱਠ ’ਤੇ ਚੁੱਕੀ ਫਿਰਦੇ ਅਤੇ ਲੋਕ ਬੱਚੇ ਬਾਰੇ ਪੁੱਛਦੇ ਤਾਂ ਭਗਤ ਜੀ ਆਖਦੇ ਇਹ ਮੇਰਾ ਪਿਆਰਾ ਬੱਚਾ ਹੈ, ਇਸ ਲਈ ਉਸ ਦਾ ਨਾਂ ਹੀ ਪਿਆਰਾ ਪੈ ਗਿਆ।
1947 ਦੀ ਵੰਡ ਸਮੇਂ ਭਗਤ ਜੀ ਪਿਆਰੇ ਨੂੰ ਆਪਣੇ ਨਾਲ ਲੈ ਕੇ 25,000 ਸ਼ਰਨਾਰਥੀਆਂ ਵਾਲੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੇ ਕੈਂਪ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਭਾਈ ਜੋਧ ਸਿੰਘ ਨਾਲ ਅਤੇ ਕੈਂਪ ਵਿਚਲੇ ਸਰਕਾਰੀ ਡਾਕਟਰੀ ਸਹਾਇਕ ਦੇਸ ਰਾਜ ਦੀ ਸਹਾਇਤਾ ਨਾਲ ਪਿਆਰਾ ਸਿੰਘ ਦੀ ਹੀ ਨਹੀਂ ਸਗੋਂ ਹੋਰ ਪੀੜਤ ਸ਼ਰਨਾਰਥੀਆਂ ਦੀ ਵੀ ਸੰਭਾਲ ਕਰਦੇ, ਇਥੋਂ ਤੱਕ ਕੇ ਇਨ੍ਹਾਂ ਦੀ ਸੰਭਾਲ ਲਈ ਅਤੇ ਦਵਾਈ ਲਈ ਪੈਸੇ ਵੀ ਮੰਗ ਕੇ ਲਿਆਉਂਦੇ। 31 ਦਸੰਬਰ ਨੂੰ ਜਦੋਂ ਕੈਂਪ ਖ਼ਤਮ ਹੋਇਆ ਤਾਂ ਭਗਤ ਜੀ ਨੇ ਅਠਾਰਾਂ ਮੈਂਬਰ 13 ਬਾਲਗ ਅਤੇ ਪੰਜ ਬੱਚਿਆਂ ਦੇ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੋਈ ਸੀ। ਕਰੀਬ ਦੱਸ ਮਹੀਨੇ ਸਟੇਸ਼ਨ ਦੇ ਅਹਾਤੇ ਵਿੱਚ ਇਨ੍ਹਾਂ ਮਰੀਜ਼ਾਂ ਦੀ ਸੇਵਾ ਸੰਭਾਲ ਤੋਂ ਬਾਅਦ 1 ਅਕਤੂਬਰ 1948 ਨੂੰ ਸਿਨੇਮਾ ਦੀ ਟੁੱਟੀ ਹੋਈ ਇਮਾਰਤ ਵਿੱਚ ਇਸ ਨਵੇਂ ਪਰਿਵਾਰ ਨਾਲ ਪਨਾਹ ਲਈ। ਟੀਬੀ ਅਤੇ ਹੋਰ ਛੂਆ-ਛੂਤ ਵਾਲੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਉਜਾੜ ਵਿਚਲੀ ਮਸਜਿਦ ਦੀ ਵਰਤੋਂ ਕੀਤੀ।
1957 ਵਿੱਚ ਭਗਤ ਜੀ ਵੱਡੀ ਸਮੱਸਿਆ ਪੈਦਾ ਹੋ ਗਈ। ਉਨ੍ਹਾਂ ਕੋਲੋਂ ਸਿਨੇਮਾ ਵਾਲੀ ਇਮਾਰਤ ਖਾਲੀ ਕਰਵਾ ਲਈ ਗਈ ਪਰ ਉਨ੍ਹਾਂ ਹੌਸਲਾ ਨਾ ਛੱਡਿਆ ਸਗੋਂ ਹਿੰਮਤ ਨਾਲ ਦਿਨ ਰਾਤ ਅਣਥੱਕ ਮਿਹਨਤ ਕਰਕੇ ਰਾਮ ਤਲਾਈ ਵਾਲੀ ਜਗਾ ਲੱਭ ਕੇ ਇਨਾਂ ਮਰੀਜ਼ਾਂ ਨੂੰ ਉੱਥੇ ਤਬਦੀਲ ਕਰ ਦਿੱਤਾ। ਇਹ ਇਮਾਰਤ ਰਾਇ ਬਹਾਦਰ ਕਲਿਆਣ ਟਰੱਸਟ ਦੀ ਸੀ ਤੇ ਜਦੋਂ ਅਧਿਕਾਰੀ ਇਸ ਬਾਰੇ ਪਤਾ ਕਰਨ ਆਏ ਤਾਂ ਭਗਤ ਜੀ ਨੇ ਨਿਧੱੜਕ ਤੇ ਸ਼ਾਂਤ ਸੁਭਾਅ ਨਾਲ ਇਹ ਜਗ੍ਹਾ ਦਿਖਾਈ। ਉਨ੍ਹਾਂ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ’ਤੇ ਇਹ ਇਮਾਰਤ ਭਗਤ ਜੀ ਕੋਲ ਰਹਿਣ ਦਿੱਤੀ ਗਈ। ਉਨ੍ਹਾਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ 6 ਮਾਰਚ 1957 ਨੂੰ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਨਾਂ ਦੀ ਸੰਸਥਾ ਨੂੰ ਰਜਿਸਟਡ ਕਰਵਾਇਆ।
ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੁਨਰ ਨਿਰਮਾਨ ਵਿਭਾਗ ਰਾਹੀਂ ਜੀਟੀ ਰੋੜ ’ਤੇ ਇੱਕ ਪਲਾਟ ਅਲਾਟ ਕਰ ਦਿੱਤਾ ਸੀ ਪਰ ਇਮਾਰਤ ਲਈ ਪੈਸੇ ਇਕੱਠੇ ਕਰਨੇ ਇਸ ਮਸੀਹੇ ਦੇ ਸੁਪਨੇ ਦੀ ਵੱਡੀ ਰੁਕਾਵਟ ਬਣ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਪੂਰੀ ਇਮਾਰਤ ਉਸਾਰਨ ਦੀ ਪੇਸ਼ਕਸ ਕੀਤੀ ਪਰ ਭਗਤ ਜੀ ਨੇ ਇਹ ਪੇਸ਼ਕਸ ਰੱਦ ਕਰ ਦਿੱਤੀ। ਸੰਗਤਾਂ ਨੂੰ ਮਰੀਜ਼ਾਂ ਦੀਆਂ ਲੋੜਾਂ ਦੀ ਪੂਰਤੀ ਲਈ ਜਾਗਰੂਕ ਕਰਨ ਵਾਲੇ ਸਿਰਫ਼ ਬੋਰਡਾਂ ਨੂੰ ਗੁਰਦੁਆਰਿਆਂ ਵਿੱਚ ਲਗਵਾਉਣ ਦੀ ਬੇਨਤੀ ਕੀਤੀ ਜਿਹੜੀ ਤੁਰੰਤ ਮੰਨ ਲਈ ਗਈ। ਇਹ ਬੋਰਡ ਪੰਜਾਬ ਦੇ ਅਤੇ ਫਿਰ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਵਿੱਚ ਲੱਗੇ ਜਿਸ ਨਾਲ ਇਮਾਰਤ ਦਾ ਕੰਮ ਆਸਾਨ ਹੋ ਗਿਆ। ਡਾ. ਵਿਦਿਆ ਸਾਗਰ ਨੇ ਸਰੀਰਕ ਪੱਖੋਂ ਤਕੜੇ ਮਾਨਸਿਕ ਰੋਗੀਆਂ ਨੂੰ ਪ੍ਰੇਰ ਕੇ ਪਲਾਟ ਵਿੱਚ ਮਿੱਟੀ ਪੁਆ ਕੇ ਪੱਧਰਾ ਕੀਤਾ। ਉੱਥੇ ਲੋੜ ਅਨੁਸਾਰ ਛੱਪਰੇ ਪਾ ਕੇ ਝੋਪੜੀਆਂ ਬਣਾਈਆਂ ਅਤੇ ਇਨ੍ਹਾਂ ਨੂੰ ਉੱਥੇ ਤਬਦੀਲ ਕਰਕੇ ਪਿੰਗਲਵਾੜੇ ਦਾ ਆਰੰਭ ਹੋਇਆ।
ਭਗਤ ਜੀ ਇਕੱਲੇ ਸੇਵਾ ਭਾਵਨਾ ਵਾਲੇ ਹੀ ਨਹੀਂ ਸੀ ਸਨ ਬਲਕਿ ਉਨ੍ਹਾਂ ਵਿੱਚ ਪੜ੍ਹਨ ਅਤੇ ਲਿਖਣ ਦੀ ਰੁਚੀ ਵੀ ਸੀ। ਅੰਮ੍ਰਿਤਸਰ ਦੀ ਲਾਇਬ੍ਰੇਰੀ ਵਿੱਚ ਪੁਸਤਕਾਂ ਪੜ੍ਹਦੇ ਅਤੇ ਮਹੱਤਵਪੂਰਨ ਨੁਕਤੇ ਨੋਟ ਕਰ ਲੈਂਦੇ ਸਨ। ਉਨ੍ਹਾਂ ਦੀ ਜਾਣਕਾਰੀ ਦਾ ਘੇਰਾ ਬਹੁਤ ਹੀ ਵਿਸ਼ਾਲ ਸੀ। ਉਹ ਵਾਤਾਵਰਨ, ਵਧਦੀ ਆਬਾਦੀ, ਅਨਪੜ੍ਹਤਾ, ਦਰੱਖਤਾਂ ਦੀ ਕਟਾਈ ਤੇ ਅੰਨ ਸੰਕਟ ਆਦਿ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ। ਫਿਰ ਉਨ੍ਹਾਂ ਨੇ ਛਾਪਾਖਾਨਾ ਲਾ ਕੇ ਸਾਹਿਤ ਵੰਡਣਾ ਸ਼ੁਰੂ ਕੀਤਾ। ਸਰਕਾਰ ਨੇ ਭਗਤ ਜੀ ਦਾ ਪਦਮ ਸ੍ਰੀ ਦੀ ਉਪਾਧੀ ਨਾਲ ਸਨਮਾਨ ਕੀਤਾ।
ਉਨ੍ਹਾਂ 1975 ਵਿੱਚ ਪੰਡੋਰੀ ਵਿੱਚ ਮਾਨਸਿਕ ਅਤੇ ਅਪੰਗ ਮਰਦਾਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ 1981 ਵਿੱਚ ਗੋਇੰਦਵਾਲ ਵਿੱਚ ਬਿਮਾਰ ਬਜ਼ੁਰਗਾਂ ਲਈ ਘਰ ਦੀ ਉਸਾਰੀ ਕਰਵਾਈ। ਭਗਤ ਜੀ ਨੇ ਆਵਾਰਾ ਪਸ਼ੂਆਂ ਲਈ ਸ਼ੈੱਡ ਵੀ ਬਣਵਾਏ ਅਤੇ ਬਿਮਾਰੀ ਦੇ ਇਲਾਜ ਦਾ ਵੀ ਪ੍ਰਬੰਧ ਕੀਤਾ। ਮਾਨਸਿਕ ਤੌਰ ’ਤੇ ਬਿਮਾਰ ਕੁਆਰੀਆਂ ਮਾਵਾਂ ਲਈ ਉਹ ਬਹੁਤ ਹੀ ਸੁਹਿਰਦ ਸਨ। ਉਹ ਸਮਾਜਿਕ ਜਬਰ ਦਾ ਸ਼ਿਕਾਰ ਇਸਤਰੀਆਂ ਨੂੰ ਆਪਣੇ ਆਸ਼ਰਮ ਵਿੱਚ ਥਾਂ ਦੇ ਕੇ ਉਨ੍ਹਾਂ ਦੀ ਦਵਾ-ਦਾਰੂ, ਰੋਟੀ-ਕੱਪੜੇ ਅਤੇ ਦੇਖਭਾਲ ਦਾ ਜ਼ਿੰਮਾ ਵੀ ਲੈਂਦੇ ਸਨ।
88 ਸਾਲ ਦੀ ਉਮਰ ਵਿੱਚ ਇਹ ਮਹਾਨ ਸ਼ਖ਼ਸੀਅਤ 5 ਅਗਸਤ 1992 ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। ਭਗਤ ਪੂਰਨ ਸਿੰਘ ਆਪ ਦੁੱਖ ਝੱਲ ਕੇ ਦੁਖਿਆਰਿਆਂ ਲਈ ਸਹਾਰਾ ਬਣੇ।