24/11/2025
350 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਸ੍ਰੀ ਗੁਰੂ ਸਿੰਘ ਸਭਾ ਅਤੇ ਖਾਲਸਾ ਵਰਸਿਟੀ ਅੰਮ੍ਰਿਤਸਰ ਵੱਲੋਂ ਰਾਗ ਅਧਾਰਿਤ ਕੀਰਤਨ ਸਮਾਗਮ:
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350 ਸਾਲਾ ਗੁਰਿਆਈ ਪੁਰਬ ਸ਼ਤਾਬਦੀ ਨੂੰ ਸਮਰਪਿਤ ਸਿੱਖ ਪੰਥ ਦੀ 150 ਸਾਲ ਤੋਂ ਵੀ ਵੱਧ ਪੁਰਾਤਨ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਅਤੇ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਰਾਗ ਅਧਾਰਿਤ ਕੀਰਤਨ ਸਮਾਗਮ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਰਵਾਇਆ ਗਿਆ। ਜਿਸ ਦੇ ਵਿੱਚ ਨੋਰਥ ਅਮਰੀਕਾ ਤੋਂ ਆਈ ਹੋਈ ਸੰਸਥਾਂ "ਗਾਵਨੀ" ਦੇ ਬੀਬੀਆਂ ਦੇ ਜਥੇ ਨੇ ਤੰਤੀ ਸਾਜਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚ ਕੀਰਤਨ ਦੀ ਹਾਜ਼ਰੀ ਭਰੀ।
ਇਸ ਮੋਕੇ ਖਾਲਸਾ ਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਜੀ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਅੱਜ ਦੇ ਸਮਾਗਮ ਵਿੱਚ ਬੀਬੀਆਂ ਦੇ ਜਥੇ ਨੂੰ ਪ੍ਰੋਤਸਾਹਿਤ ਕੀਤਾ ਗਿਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਬੱਚੀਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਸਾਬਿਤ ਹੋਏਗਾ। ਸਿੱਖ ਚਿੰਤਕ ਅਤੇ ਸਿੰਘ ਸਭਾ ਦੇ ਪ੍ਰਧਾਨ ਡਾ ਇੰਦਰਜੀਤ ਸਿੰਘ ਗੋਗੋਆਣੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ ਅਤੇ ਆਈਆ ਹੋਈਆ ਸੰਗਤਾਂ ਨੂੰ ਜੀ ਆਇਆ ਕਹਿੰਦੇ ਹੋਏ ਖਾਲਸਾ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਫਾਰ ਵੁਮਨ ਦੇ ਸਮੂਹ ਪ੍ਰਬੰਧਕਾਂ ਦਾ ਸਿੰਘ ਸਭਾ ਨੂੰ ਸੰਪੂਰਨ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਸਿੰਘ ਸਭਾ ਵੱਲੋਂ ਇਸ ਮੌਕੇ ਆਈਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਖਾਲਸਾ ਕਾਲਜ ਫਾਰ ਵੋਮੈਂਨ ਦੀ ਪ੍ਰਿੰਸੀਪਲ ਸੁਰਿੰਦਰ ਕੌਰ ਜੀ ਨੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਬੀਬੀਆਂ ਦੇ ਜਥਿਆਂ ਵੱਲੋਂ ਭਰੀ ਗਈ ਹਾਜ਼ਰੀ ਕਾਲਜ ਦੀਆਂ ਬੱਚੀਆਂ ਨੂੰ ਗੁਰਮਤਿ ਸੰਗੀਤ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਡਾ ਮਨਜੀਤ ਕੌਰ, ਅੰਮ੍ਰਿਤਸਰ ਵਿਕਾਸ ਮੰਚ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਏਕ ਜੋਤ ਸੇਵਾ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਬੇਦੀ, ਹਰਮਨਜੀਤ ਸਿੰਘ ਜਨਰਲ ਸਕੱਤਰ, ਹਰਿੰਦਰਪਾਲ ਸਿੰਘ ਭੁੱਲਰ, ਭਗਤ ਸਿੰਘ, ਤੇਜਿੰਦਰ ਸਿੰਘ, ਗੁਰਿੰਦਰ ਸਿੰਘ ਢੀਂਗਰਾ, ਵਰਿੰਦਰਪਾਲ ਸਿੰਘ ਕੋਛੜ, ਅਮਰਦੀਪ ਸਿੰਘ ਮਰਵਾਹਾ, ਜਸਵਿੰਦਰ ਸਿੰਘ, ਖੁਸ਼ਵੰਤ ਸਿੰਘ, ਡਾ ਜਸਵਿੰਦਰ ਕੌਰ ਮਾਹਲ, ਪ੍ਰਭਜੋਤ ਕੌਰ ਅਤੇ ਹੋਰ ਮੈਂਬਰ ਮੌਜੂਦ ਸਨ।