10/12/2022
ਪੁਰਾਣੀ ਕਹਾਣੀ ਹੈ, ਸਾਰਿਆਂ ਨੇ ਸੁਣੀ ਹੈ । ਪਰ ਬਾਲਪਨ ਦੀਆਂ ਕਹਾਣੀਆਂ ਦੀ ਸਿੱਖਿਆ ਨੂੰ ਦੁਹਰਾਉਣ ਚ ਕੋਈ ਹਰਜ਼ ਤਾਂ ਨਹੀਂ!
ਕਬੂਤਰਾਂ ਨੇ ਜੰਗਲ ਚ ਇਕ ਥਾਂ ਬਹੁਤ ਸਾਰਾ ਦਾਣਾ ਖਿਲਰਿਆ ਵੇਖਿਆ। ਸਾਰੇ ਜ਼ੋਸ਼ੀਲੇ ਨੌਸਿਖੀਏ ਨੇ ਉਧਰ ਨੂੰ ਪਰਵਾਜ਼ ਭਰ ਲਈ। ਵਹੀਰਾਂ ਘਤ ਕੇ ਦਾਣਿਆਂ ਵੱਲ ਨੂੰ ਪੈ ਗਏ। ਪਿੱਛੋਂ ਬਜ਼ੁਰਗ ਨੇ ਆਵਾਜ਼ ਮਾਰੀ " ਏਨਾ ਦਾਣਾ ਜੰਗਲ ਚ ਇਕੋ ਥਾਂ ਖਿਲਰਿਆ ਨਹੀਂ ਹੋ ਸਕਦਾ, ਜ਼ਰੂਰ ਕੁਝ ਮਾਮਲਾ ਹੈ... ਰੁਕੋ ਸਬਰ ਕਰੋ .. ਵੇਖਣ ਤਾਂ ਦਿਓ.."
ਪਰ ਨੌਜਵਾਨ ਕਬੂਤਰਾਂ ਨੇ ਬਜ਼ੁਰਗ ਨੂੰ ਠੱਠਾ ਕੀਤਾ ਕਿ ਆਪ ਤਾਂ ਖਾਣ ਜੋਗਾ ਰਿਹਾ ਨੀ, ਹੁਣ ਸਾਨੂੰ ਵੀ ਖਾਣ ਨਹੀਂ ਦਿੰਦਾ " ਇੰਨਾ ਕਹਿੰਦੇ ਓਹ ਦਾਣੇ ਚੁਗਣ ਲਈ ਧਰਤ ਉੱਤੇ ਆ ਬਿਰਾਜੇ। ਦਾਣਾ ਖੁੱਲਾ ਸੀ, ਕੋਈ ਚੁਣੌਤੀ ਨਹੀਂ ਸੀ ਅਤੇ ਨਾ ਹੀ ਕੋਈ ਖਤਰਾ ਨਜ਼ਰ ਪੈ ਰਿਹਾ ਸੀ। ਓਹ ਆਰਾਮ ਨਾਲ ਦਾਣਾ ਚੁਗਣ ਲੱਗੇ!
ਪਰ ਜਿਉਂ ਜਿਉਂ ਦਾਣਾ ਚੁਗੀ ਜਾ ਰਹੇ ਸਨ ਅਤੇ ਕਦਮ ਬਾ ਕਦਮ ਇਧਰ ਉਧਰ ਫਿਰ ਰਹੇ ਸਨ , ਸ਼ਿਕਾਰੀ ਵਲੋਂ ਵਿਛਾਇਆ ਜਾਲ ਉਨ੍ਹਾਂ ਦੇ ਪੈਰਾਂ ਚ ਆਪਣਾ ਸ਼ਿਕੰਜਾ ਕਸੀ ਜਾ ਰਿਹਾ ਸੀ। ਅਹਿਸਾਸ ਉਸ ਵੇਲੇ ਹੋਇਆ , ਜਿਸ ਵੇਲੇ ਪੂਰੀ ਤਰ੍ਹਾਂ ਜਕੜੇ ਗਏ ਸਨ।
ਬਜ਼ੁਰਗ ਕਬੂਤਰ ਇਹ ਸਭ ਕੁਝ ਦੇਖ ਕੇ ਦੁਖੀ ਸੀ ਕਿਉਂਕਿ ਭਾਵੇਂ ਸੁਣਦੇ ਨਹੀਂ ਸਨ ਪਰ ਹੈ ਉਸਦੇ ਆਪਣੇ ਹੀ ਸਨ, ਉਨ੍ਹਾਂ ਲਈ ਓਹ ਚਿੰਤਤ ਸੀ।
ਹੁਣ ਜਦੋਂ ਜਾਲ ਚ ਫੱਸ ਗਏ ਤਾਂ ਲੱਗੇ ਚੀਖਾਂ ਮਾਰਨ। ਹੁਣ ਸਮਝ ਨਾ ਆਵੇ ਕਿ ਇਸਤੋਂ ਪਿੱਛਾ ਕਿਵੇਂ ਛੁਡਾਈਏ!
ਮੁੜ ਸਵਾਲੀਆ ਨਜ਼ਰਾਂ ਨਾਲ ਬਜ਼ੁਰਗ ਵੱਲ ਨੂੰ ਹੀ ਤੱਕਿਆ। ਬਜ਼ੁਰਗ ਨੇ ਕਿਹਾ, ਇੱਕਠੇ ਹੀ ਜ਼ੋਰ ਲਗਾਓ ਤੇ ਜਾਲ ਲੈਕੇ ਨਾਲ ਹੀ ਉੱਡ ਜਾਓ। ਸਾਰਿਆਂ ਨੇ ਫ਼ੇਰ ਉਸਦੀ ਗੱਲ ਮੰਨੀ ਤੇ ਜਾਲ ਲੈਕੇ ਉੱਡ ਪਏ। ਇਹ ਉਨ੍ਹਾਂ ਚੰਗਾ ਕੀਤਾ ਕਿ ਇਸ ਵਾਰ ਬਜ਼ੁਰਗ ਦੀ ਗੱਲ ਜਲਦੀ ਮੰਨ ਲਈ, ਸ਼ਿਕਾਰੀ ਦੇ ਆਉਣ ਤੋਂ ਪਹਿਲਾਂ ਹੀ ਉੱਡ ਗਏ।
ਪਰ ਹੁਣ ਅਗਲਾ ਸਵਾਲ ਇਹ ਸੀ ਕਿ ਜਾਲ ਲੈਕੇ ਕਦੋਂ ਤਕ ਉੱਡ ਸਕਦੇ ਹਾਂ, ਅਖੀਰ ਕੋਈ ਜਾਲ ਕਟਣ ਵਾਲਾ ਵੀ ਚਾਹੀਦਾ। ਮੁੜ ਉਸ ਬਜ਼ੁਰਗ ਕੋਲ ਗਏ। ਬਜ਼ੁਰਗ ਉਨ੍ਹਾਂ ਨੂੰ ਆਪਣੇ ਇਕ ਮਿੱਤਰ ਕੋਲ ਲੈ ਗਿਆ, ਉਸ ਮਿੱਤਰ ਚੂਹੇ ਨੇ ਫ਼ੇਰ ਉਨ੍ਹਾਂ ਦਾ ਜਾਲ ਕਟਿਆ ਤੇ ਉਨ੍ਹਾਂ ਨੂੰ ਨਿਜਾਤ ਦਿਲਵਾਈ।
_----_-----------------------------------
- ਖਿਲਰਿਆ ਦਾਣਾ ਵੇਖ ਕੇ ਚੁਗਣ ਨਾ ਬਹਿ ਜਾਈਏ
- ਬਜ਼ੁਰਗਾਂ ਦੀ ਸਿਆਣਪ ਨੂੰ ਬੁਜ਼ਦਿਲੀ ਅਤੇ ਪਿਛਾਂਹ ਖਿੱਚੂ ਨਾ ਜਾਣੀਏ
- ਸ਼ਿਕਾਰੀ ਅਤੇ ਉਸਦੇ ਪੈਂਤੜਿਆਂ ਬਾਰੇ ਆਪਣੀ ਸਮਝ ਵਧਾਈਏ
- ਜਿਸ ਵੇਲੇ ਫੱਸ ਗਏ, ਭਾਵੇਂ ਜ਼ੋਰ ਆਪਣਾ ਹੀ ਲੱਗੇ ਪਰ ਲਗਾਉਣਾ ਕਿਹੜੇ ਪਾਸੇ ਹੈ ਇਸ ਵਾਸਤੇ ਮੁੜ ਬਜ਼ੁਰਗਾਂ ਦੀ ਸਲਾਹ ਹੀ ਕੰਮ ਆਉਣੀ