03/16/2022
ਹਰ ਸਾਲ ਦੀ ਤਰਾਂ ਇਸ ਵਾਰ ਵੀ 62ਵਾਂ ਪੈਦਲ ਚਾਲਾ ਮਾਛੀਵਾੜਾ ਸਾਹਿਬ ਤੋਂ ਮਾਤਾ ਨੈਣਾ ਦੇਵੀ ਜੀ(ਹਿਮਾਚਲ ਪ੍ਰਦੇਸ਼) ਤੱਕ 4 ਅਪ੍ਰੈਲ,2022 ਨੂੰ ਸਵੇਰ 2 ਵਜੇ ਰਵਾਨਾ ਹੋਵੋਗਾ,ਬਾਕੀ ਜਾਣਕਾਰੀ ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ , ਪ੍ਰਧਾਨ ਨੰਦ ਕਿਸ਼ੋਰ ਜੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਅਤੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਪੈਦਲ ਯਾਤਰਾ ਦਾ, ਜੋ ਮਾਛੀਵਾੜਾ ਸਾਹਿਬ ਤੋਂ ਚੱਲ ਕੇ ਮਾਤਾ ਨੈਣਾ ਦੇਵੀ ਜੀ ਦੇ ਭਵਨਾਂ ਤੱਕ ਜਾਂਦਾ ਹੈ। ਬਹੁਤ ਰੋਮਾਂਚਿਤ ਕਰਦਾ ਹੈ ਪੈਦਲ ਸਫ਼ਰ ਜਦੋਂ ਸ਼ਰਧਾਲੂ ਸ਼ਰਧਾ 'ਚ ਲਬਰੇਜ਼ ਹੋ ਮਾਤਾ ਦੇ ਦਰਸ਼ਨਾ ਦੀ ਤਾਂਘ ਲੈ ਮਾਛੀਵਾੜਾ ਸਾਹਿਬ ਤੋਂ ਤੁਰਦੇ ਹਨ।
ਰੋਪੜ ਰੋਡ ਤੋਂ ਲੰਘ ਬੰਨ ਉੱਤੇ ਤੁਰਦੇ ਹੋਏ ਸਤਲੁਜ ਦਰਿਆ ਤੋਂ ਬੇੜੀ ਰਾਹੀਂ ਪਾਰ ਕਰਨ ਦਾ ਜੋ ਆਨੰਦ ਹੈ। ਉਹ ਭਗਤਾਂ ਦੇ ਜੈਕਾਰਿਆਂ ਵਿੱਚ ਵੇਖਿਆ ਜਾ ਸਕਦਾ ਹੈ। ਇਸ ਤੋਂ ਅੱਗੇ ਕੁਦਰਤ ਦੇ ਸਜਾਏ ਤਰੇਲ ਪਏ ਖੇਤਾਂ ਵਿੱਚੋਂ, ਪਿੰਡਾਂ ਤੋਂ ਹੁੰਦੇ ਹੋਏ ਪੈਦਲ ਚਾਲਾ ਬਲਾਚੌਰ ਤੋਂ ਹੁੰਦਾ ਹੋਇਆ "ਭੱਦੀ ਦੀ ਘਾਟ" ਪਹੁੰਚਦਾ ਹੈ। ਕੁਦਰਤ ਦਾ ਸਜਾਇਆ ਭੱਦੀ ਘਾਟ ਦਾ ਜੰਗਲੀ ਪਹਾੜੀ ਕੱਚਾ ਰਸਤਾ ਤਾਂ ਬੇਸ਼ੱਕ ਸਰੀਰਕ ਤੌਰ ਤੇ ਕੁਝ ਥਕਾ ਦਿੰਦਾ , ਪਰ ਜਦੋਂ ਜੈਕਾਰਿਆਂ ਦੀ ਗੂੰਜ ਵਿੱਚ ਭਗਤ ਜੱਥਿਆਂ ਵਿੱਚ ਚਲਦੇ ਹਨ ਤਾਂ ਮਾਤਾ ਦੀ ਕਿਰਪਾ ਨਾਲ ਸਫ਼ਰ ਆਨੰਦਮਈ ਹੋ ਜਾਂਦਾ ਐ। ਇਸ ਤੋਂ ਅੱਗੇ ਦਾ ਸਫ਼ਰ ਵੀ ਕਰਦੇ ਹੋਏ ਭਗਤ ਰਾਤ ਦਾ ਠਹਿਰਾਓ "ਠਾਣੇ ਦੇ ਪੱਤਣ" ਕਰਦੇ ਹਨ। ਲੰਗਰ ਤੇ ਮੈਡੀਕਲ ਦੀ ਸਹੂਲਤ ਦਾ ਪ੍ਰਬੰਧ ਵੀ ਰਸਤੇ ਵਿੱਚ ਬਹੁਤ ਸੁਚੱਜਾ ਹੁੰਦਾ ਹੈ। ਕਿਸੇ ਕਿਸਮ ਦੀ ਤਕਲੀਫ਼ ਨਹੀਂ ਆਓਣ ਦਿੱਤੀ ਜਾਂਦੀ ਸੰਗਤ ਨੂੰ।
ਦੂਜੇ ਦਿਨ ਸਵੇਰ ਸਮੇਂ ਨਾਲ ਚਾਲਾ ਪਾ ਇਕ ਵਾਰ ਫਿਰ ਸਤਲੁਜ ਦਰਿਆ ਨੂੰ ਪੁੱਲ ਰਾਹੀਂ ਲੰਘ ਵਾਇਆ ਆਨੰਦਪੁਰ ਸਾਹਿਬ ਹੁੰਦੇ ਹੋਏ "ਕੌਲਾਂ ਵਾਲੇ ਟੋਬੇ" ਤੋਂ ਪੈਦਲ ਰਵਾਨਾ ਹੋਇਆ ਜਾਂਦਾ ਹੈ। ਕੌਲਾਂ ਵਾਲੇ ਟੋਬੇ ਤੋਂ ਅਗਲੇ ਰਸਤੇ (ਸ਼ੈਡਾਂ/ਪਿੱਪਲੀ) ਤੇ ਮਨ ਅਸ਼-ਅਸ਼ ਕਰ ਉੱਠਦਾ ਹੈ। ਜਦੋਂ ਪਹਾੜਾਂ ਦੀਆਂ ਘੁੰਮਣ-ਘੇਰੀਆਂ ਕਰਦੇ ਮਾਤਾ ਦੇ ਸੋਹਣੇ ਭਵਨਾਂ ਦੀ ਝਲਕ ਪੈਂਦੀ ਹੈ।
ਸਫ਼ਰ ਦਾ ਪੰਧ ਮੁਕਾ ਜਦੋਂ ਮਾਤਾ ਨੈਣਾ ਦੇਵੀ ਜੀ ਦੇ ਸੋਹਣੇ-ਸੋਹਣੇ ਮੰਦਰ ਪਹੁੰਚ ਭਗਤ ਨਤਮਸਤਕ ਹੁੰਦੇ ਹਨ। ਤਾਂ ਬਸ ਫਿਰ ਸਫ਼ਰ ਦੀ ਥਕਾਵਟ ਭੁੱਲ ਜਦੋਂ ਦਿਲ ਮਾਤਾ ਦੇ ਦਰਸ਼ਨ ਕਰ ਝੂੰਮਦਾ ਤਾਂ ਜੈਕਾਰਿਆਂ ਦੀ ਗੂੰਜ ਵਿੱਚ ਸ਼ਰਧਾ ਅਥਾਹ ਸਿਖਰਾਂ ਤੇ ਹੁੰਦੀ ਹੈ।
ਸ਼ਹਿਰ ਨਿਵਾਸੀਆਂ ਤੇ ਬਾਕੀ ਹਲਕਾ ਵਾਸੀਆਂ ਵਿੱਚ ਬਹੁਤ ਉਤਸੁਕਤਾ ਰਹਿੰਦੀ ਹੈ ਪੈਦਲ ਚਾਲੇ ਤੇ ਜਾਣ ਲਈ। ਕਾਫ਼ੀ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸ਼ਰਧਾ ਦਾ ਉਪਰਾਲਾ ਆਪਣਾ ਇਸ ਵਾਰ 62 ਵਾਂ ਚਾਲਾ ਲੈਕੇ ਜਾ ਰਿਹਾ।
ਮਿਲਦੇ ਆਂ 4 ਅਪ੍ਰੈਲ ਨੂੰ ਸੰਗਤ ਦੇ ਸੰਗ ਪੈਦਲ ਚਾਲੇ ਵਿੱਚ~~
🙏 ਮੈ ਮਾਤਾ ਨੈਣਾ ਦੇਵੀ ਜੀ 🙏