28/12/2020
ਸਰ, ਆਈ ਵਾਨਟ ਸਮ ਬੁਕਸ ਅੋਨ ਸਿਖ ਹਿਸਟਰੀ ।
ਜਰੂਰ, ਮੈ ਤਹਾਨੂੰ ਦੇ ਸਕਦਾ ਹਾਂ ।
ਸਰ , ਆਈ ਵਾਨਟ ਇੰਨ ਇੰਗਲਿਸ਼ ਆਈ ਕਾਨਟ ਰੀਡ ਪੰਜਾਬੀ ।
ਚਿੰਤਾ ਦੀ ਗੱਲ ਨਹੀ, ਤਹਾਨੂੰ ਇੰਗਲਿਸ਼ ਵਿੱਚ ਵੀ ਮਿਲ ਜਾਣਗੀਆਂ ਪਰ ਤੁਸੀ ਪੰਜਾਬ ਚ ਰਹਿ ਕੇ ਪੰਜਾਬੀ ਤੋ ਦੂਰ ਕਿਵੇ ਹੋ ਗਏ, ਤੁਸੀ ਮੇਰੀ ਗੱਲ ਪੂਰੀ ਤਰਾ ਸਮਝ ਰਹੇ ਹੋ ।
ਯੈਸ, ਆਈ ਕੈਨ ਅੰਡਰਸਟੈਡ ,ਆਈ ਮੀਨ ਮੈ ਸਮਝ ਸਕਦਾ ਹਾਂ ਪਰ ਕਦੇ ਪੰਜਾਬੀ ਪੜੀ ਨਹੀ, ਸਕੂਲ ਚ ਵੀ ਪੜਾਈ ਨਹੀ ਗਈ , ਮਾਂ ਬਾਪ ਨੇ ਵੀ ਕਦੇ ਨਹੀ ਕਿਹਾ, ਸਿਖ ਘਰ ਚ ਜਨਮ ਲਿਆ , ਕੇਸ ਵੀ ਰੱਖੇ ਪਰ ਸਾਡੇ ਘਰ ਕਦੇ ਸਿੱਖੀ ਦੀ ਗੱਲ ਨਹੀ ਹੋਈ ।
ਬੜਾ ਅਚਰਜੁ ਹੈ ਇਹ ।
ਸਰ , ਮਾਈ ਫਾਦਰ ਵਾਜ ਵੈਰੀ ...ਸੋਰੀ ਮੈਂ ਤੁਹਾਡੇ ਨਾਲ ਪੰਜਾਬੀ ਚ ਗੱਲ ਕਰਨ ਦੀ ਕੋਸ਼ਿਸ਼ ਕਰਦਾਂ ਹਾਂ ।ਮੇਰੇ ਪਿਤਾ ਜੀ ਬਹੁਤ ਪੜੇ ਲਿਖੇ ਸਨ, ਪਰ ਉਨ੍ਹਾਂ ਧਰਮ ਨੂੰ ਕਦੇ ਪਹਿਲ ਨਹੀ ਦਿੱਤੀ ।ਮੇਰੇ ਦਾਦਾ ਜੀ ਨੇ ਕਿਹਾ ਸੀ ਕੇਸ ਨਹੀ ਕਟਵਾਉਣੇ , ਨਾਂ ਮੇਰੇ ਡੈਡੀ ਨੇ ਕਟਵਾਏ ਤੇ ਨਾ ਮੈਂ । ਅਸੀ ਬਾਹਰਲੇ ਮੁਲਕਾਂ ਚ ਰਹੇ । ਇਥੇ ਪੰਜਾਬ ਵਿੱਚ ਸਾਡੀ ਜਮੀਨ ਹੈ । ਅਸੀਂ ਬਹੁਤ ਘੱਟ ਗੁਰੂਦ੍ਵਾਰੇ ਗਏ ।
ਫ਼ਿਰ ਤੁਸੀ ਸਿੱਖ ਇਤਿਹਾਸ ਕੀ ਕਰਨਾ ਹੈ?
ਸਰ, ਮੈਂ ਤੇ ਮੇਰੇ ਫਾਦਰ ਹਮੇਸ਼ਾ ਧਰਮ ਤੋ ਦੂਰ ਰਹੇ, ਅੰਮ੍ਰਿਤਧਾਰੀ ਜਿਨੇ ਵੀ ਮਿਲ਼ੇ ਉਨ੍ਹਾਂ ਦਾ ਸੁਭਾਵ ਨਿਰਾਸ਼ਾਜਨਕ ਲੱਗਿਆ । ਸਾਰੇ ਅੰਮ੍ਰਿਤਧਾਰੀ ਸਨ ਜਿਨ੍ਹਾਂ ਨੇ ਸਾਨੂੰ ਧੋਖਾਂ ਦਿੱਤਾ,ਜਿਨਾ ਵਪਾਰ ਚ ਪੈਸੇ ਮਾਰੇ, ਉਹ ਅੰਮ੍ਰਿਤਧਾਰੀ ਸਨ । ਜਿਨਾਂ ਨੇ ਸਾਡੀਆਂ ਜਮੀਨਾਂ ਤੇ ਕਬਜ਼ਾ ਕਰਨਾ ਚਾਹਿਆ ਤੇ ਕੀਤਾ ਉਹ ਵੀ ਅੰਮ੍ਰਿਤਧਾਰੀ ਸਨ । ਮੈਂ ਤੇ ਮੇਰੇ ਫਾਦਰ ਮਹਿਸੂਸ ਕਰਦੇ ਸਾ ਇਹ ਲੋਕ ਲਾਲਚੀ, ਝੂਠੇ ਤੇ ਮਕਾਰ ਕਿਸਮ ਦੇ ਹਨ ।ਅਸੀ ਨਫ਼ਰਤ ਕਰਦੇ ਸੀ ਸਿੱਖਾਂ ਨੂੰ ਪਰ ਮੇਰੇ ਦਾਦਾ ਜੀ ਨੇ ਮੇਰੇ ਫਾਦਰ ਨੂੰ ਬਹੁਤ ਅੋਖੇ ਹੋ ਕੇ ਪਾਲਿਆ ਸੀ, ਦਾਦੀ ਦੀ ਮੌਤ ਤੋ ਬਾਦ ਉਨ੍ਹਾਂ ਡੈਡੀ ਖ਼ਾਤਰ ਵਿਆਹ ਨਹੀ ਕਰਵਾਇਆ ਸੀ ।ਉਹ ਦਾਦਾ ਜੀ ਦੀ ਗੱਲ ਟਾਲਦੇ ਨਹੀ ਸਨ ।
ਜੀ, ਮਤਲਬ ਦਾਦਾ ਜੀ ਦੇ ਕਹਿਣ ਤੇ ਤੁਹਾਡਾ ਸਰੂਪ ਸਿਖ ਵਾਲਾ ਰਿਹਾ ।
ਯਾ ਦੀ ਅੋਨਲੀ ਰੀਜਨ ।
ਫਿਰ ਹੁਣ ਤੁਸੀ ਸਿੱਖ ਹਿਸਟਰੀ ਦੀ ਮੰਗ ਕਿਉਂ ਕਰ ਰਹੇ ਹੋ ? ਅਜਿਹਾ ਕੀ ਵਾਪਰਿਆਂ ਹੈ ਕਿ ਤੁਹਾਡੇ ਵਿੱਚ ਸਿੱਖ ਇਤਿਹਾਸ ਜਾਂ ਸਿੱਖ ਫ਼ਲਸਫ਼ੇ ਬਾਰੇ ਜਾਨਣ ਦੀ ਜਗਿਆਸਾ ਪੈਦਾ ਹੋ ਗਈ ਹੈ।
ਦਰਅਸਲ ਐਂਜ ਆਈ ਟੋਲਡ ਯੂ , ਮੈਨੂੰ ਹਮੇਸ਼ਾ ਉਹ ਸਿੱਖ ਮਿਲੇ ਜੋ ਬੇ ਹੱਦ ਲਾਲਚੀ, ਝਗੜਾਲੂ, ਮਕਾਰ ਸਨ । ਇਸ ਕਰਕੇ ਮੇਰੇ ਪਿਤਾ ਤੇ ਮੈ ਕਦੇ ਗੁਰੂਦ੍ਵਾਰੇ ਵੀ ਨਹੀ ਗਏ । ।ਪਰ ਕੁਝ ਸਾਲ ਪਹਿਲਾ ਮੈਂ ਕਿਸੇ ਕੰਮ, ਕਿਸੇ ਨੂੰ ਮਿਲਨ ਲਈ ਕਿਸੇ ਪਹਾੜੀਂ ਅਸਥਾਨ ਤੇ ਗਿਆ ਹੋਇਆ ਸੀ, ਜ਼ਿਆਦਾ ਬਰਸਾਤ ਕਰਕੇ ਕਹਿਰਾਂ ਦੀ ਕੁਦਰਤੀ ਤਬਾਹੀ ਵਾਪਰ ਗਈ, ਸੜਕਾਂ ਰੁੜ੍ਹ ਗਈਆਂ, ਜਾਨੀ ਨੁਕਸਾਨ ਵੀ ਬਹੁਤ ਹੋਇਆ । ਖਾਣ ਪੀਣ ਦੀ ਵੀ ਦਿਕਤ ਹੋ ਗਈ .।. ਦੁਕਾਨਾਂ ਵਾਲਿਆ ਨੇ ਸ਼ਰਮ ਹਯਾ ਵੇਚ ਕੇ ਖਾਹ ਲਈ । ਪੀਣ ਦੇ ਪਾਣੀ ਦੀ ਬੋਤਲ ਤਿੰਨ ਤਿੰਨ ਸੋ ਵੇਚਣ ਲੱਗੇ ...ਅਜੇ ਕਿਸੇ ਤਰਾ ਦੀ ਸਰਕਾਰੀ ਮੱਦਦ ਨਹੀ ਸੀ ਆਈ ਪਰ ਮੈਂ ਦੇਖਿਆ ਸਿਖ ਨਿਵਾਸੀ ਆਪਣੇ ਘਰੋਂ ਰਾਸ਼ਨ ਲਿਜਾ ਮੱਦਦ ਕਰਨ ਲੱਗ ਪਏ । ਮੈਂ ਹੈਰਾਂਨ ਸੀ ।ਕਿਸੇ ਦੱਸਿਆ ਜਦੋਂ ਕਦੇ ਬਿਪਤਾ ਪੈਂਦੀ ਹੈ ਇਹ ਹਮੇਸ਼ਾ ਮੱਦਦ ਲਈ ਤਿਆਰ ਰਹਿੰਦੇ ਨੇ ।
ਅਗਲੀ ਘਟਨਾ ਕੈਨੇਡਾ ਦੀ ਸੀ, ਇੱਕ ਲੜਕੀ ਜੋ ਸਾਊਥ ਦੇ ਕਿਸੇ ਛੋਟੇ ਜਿਹੇ ਕਸਬੇ ਦੀ ਸੀ, ਜਿਸਨੂੰ ਕਿਸੇ ਇੰਡੀਅਨ ਨੇ ਜੋ ਕਿ ਇੱਥੋਂ ਦਾ ਮੂਲ ਸੀ ਵਿਆਹ ਕੇ ਲੈ ਆਇਆ ਸੀ, ਇੱਥੇ ਉਸਨੂੰ ਤੰਗ ਕਰ ਰਿਹਾ ਸੀ। ਉਸਦੀ ਮਨਸ਼ਾ ਉਸਨੂੰ ਇਥੇ ਲਿਆਉਣ ਦੀ ਹੀ ਨਹੀ ਸੀ ਪਰ ਮਜਬੂਰੀ ਕਾਰਨ ਲਿਆਉਣਾ ਪਿਆ ਸੀ ।ਭਾਵੇਂ ਇੱਥੇ ਦੇ ਕਾਨੂੰਨ ਬਹੁਤ ਮਜਬੂਤ ਨੇ ਪਰ ਜਿੱਥੇ ਕਿਸੇ ਨੂੰ ਕਾਨੂੰਨ ਦਾ ਪਤਾ ਹੀ ਨਾ ਹੋਵੇ ਉਥੇ ਕੋਈ ਕੀ ਕਰੇ। ਉਨ੍ਹਾਂ
ਦੇ ਗਵਾਢ ਸਿੱਖ ਰਹਿੰਦੇ ਸਨ। ਉਨਾਂ ਨੂੰ ਜਦੋ ਇਲਮ ਪਿਆ, ਉਨਾਂ ਪ੍ਰਵਾਹ ਨਾ ਕੀਤੀ ਉਸ ਲੜਕੀ ਦੀ ਮੱਦਦ ਕੀਤੀ ...ਜਦ ਤੀਕ ਸਾਰਾ ਕੁਝ ਸਹੀ ਨਾ ਹੋ ਗਿਆ ਉਨਾ ਪੂਰਾ ਪਿੱਛਾ ਕੀਤਾ ।
ਉਹ ਸਿੱਖ ਮੇਰੇ ਵੀ ਗਵਾਂਢੀ ਸਨ, ਮੈ ਕਦੇ ਉਨਾਂ ਨਾਲ ਗੱਲ ਨਹੀ ਕੀਤੀ ਸੀ, ਪਹਿਲੀ ਵਾਰ ਉਨਾ ਨੇ ਜਦੋ ਪੁਲਿਸ ਬੁਲਾਈ ਸੀ ਉਸ ਲੜਕੀ ਲਈ ਮੈਂ ਬਾਹਰ ਹੀ ਖੜਾ ਸੀ ਆਪਣੇ ਘਰ ਦੇ । ਮੈਂ ਪਹਿਲੀ ਵਾਰ ਉਨਾਂ ਸਿੱਖਾਂ ਨੂੰ ਮਿਲਿਆ ਤੇ ਪੁੱਛਿਆ ਉਨ੍ਹਾਂ ਦੇ ਮਾਮਲੇ ਚ ਪੈਣ ਦੀ ਕੀ ਲੋੜ ਸੀ? ਉਨਾਂ ਕਿਹਾ ਇਹ ਸਾਡੇ ਗੁਰੂ ਦਾ ਹੁਕਮੁ ਹੈ ਮਜਲੂਮ ਦੀ ਸਹਾਇਤਾ ਕਰਨੀ ।ਮੇਰੇ ਅੰਦਰ ਹਿਲ ਜੁਲ ਜਿਹੀ ਹੋਈ ਤੇ ਮੈਂ ਉਨ੍ਹਾਂ ਦੀਆਂ ਗਤੀਵਿਧੀਆ ਤੇ ਨਜ਼ਰ ਰੱਖਣ ਲੱਗਾ ।
ਪਹਿਲੀ ਵਾਰ ਸਿਖਾਂ ਨੂੰ ਨੇੜੇ ਤੋ ਦੇਖਣ ਦਾ ਮੋਕਾ ਮਿਲਿਆਂ ਜੋ ਕਰਮ ਕਰਕੇ ਸਿੱਖ ਸਨ ।
ਫਿਰ ਮੇਰੀ ਨਜ਼ਰ ਖਾਲਸਾ ਏਡ ਤੇ ਪਈ, ਮੈਂ ਉਨ੍ਹਾਂ ਦੀਆਂ ਗਤੀਵਿਧੀਆ ਦੇਖਣ ਲੱਗਾ, ਕਮਾਲ ਹੋ ਗਈ ਇੱਕ ਕੱਲੇ ਸਿਖ ਨੇ ਕਿਸਤਰਾ ਆਰਗਨਾਇਜ ਢੰਗ ਨਾਲ ਦੁਨੀਆਂ ਦੇ ਹਰ ਕੋਨੇ ਵਿੱਚ ਮੱਦਦ ਲਈ ਹੱਥ ਅੱਗੇ ਵਧਾਏ ਜਦੋ ਉਹ ਬਿਪਤਾ ਵਿੱਚ ਸਨ ਤੇ ਉਹ ਵੀ ਬਿਨਾਂ ਕਿਸੇ ਧਰਮ, ਜਾਤ ਤੇ ਰਾਸ਼ਟਰ ਦੇ।
ਵਾਕਿਆ ਹੀ ਰਵੀ ਸਿੰਘ ਜੀ ਭਾਈ ਘਨੱਈਆ ਜੀ ਦੀ ਸੋਚ ਲੈ ਕੇ ਤੁਰੇ ਹੋਏ ਹਨ ।ਇਸਦਾ ਮਤਲਬ ਹੈ ਤੁਸੀ ਰਵੀ ਸਿੰਘ ਜੀ ਤੋ ਪ੍ਰੇਰਿਤ ਹੋਏ ਹੋ ।
ਕਹਿ ਸਕਦੋ ਹੋ ਪਰ ਕੱਲਾ ਰਵੀ ਸਿੰਘ ਮੇਰੀ ਸੋਚ ਨੂੰ ਬਦਲਣ ਦਾ ਫੈਕਟਰ ਨਹੀ ਸੀ ।ਆਈ ਥਿੰਕ ਉਹ ਮਹੱਤਵਕਾਸ਼ੀ ਹੋ ਸਕਦੇ, ਉਨਾ ਦਾ ਨੈਟਵਰਕ ਹੈ, ਉਨਾ ਕੋਲ ਸਾਧਨ ਹਨ ਹੋ ਸਕਦਾ ਦੇ ਵਾਂਟ ਫੇਮ....
ਜੀ
ਪਰ ਰਵੀ ਸਿੰਘ ਜੀ ਦੇ ਕਾਰਜਾ ਕਾਰਨ ਮੈ ਸ਼ੋਸ਼ਲ ਮੀਡੀਆ ਵਿੱਚ ਕੁੱਝ ਵਕਤ ਜਰੂਰ ਬਤੀਤ ਕਰਨ ਲੱਗਾ ...
ਵਾਹ, ਮੇਰੀ ਉਤਸਕਤਾ ਵੱਧ ਰਹੀ ਹੈ, ਇਸਦਾ ਮਤਲਬ ਇਹ ਹੈ ਰਵੀ ਸਿੰਘ ਦੇ ਕਾਰਜ਼ ਤਹਾਨੂੰ ਚੰਗੇ ਵੀ ਲੱਗ ਰਹੇ ਸਨ ਤੇ ਤੁਸੀ ਅੰਦਰ ਉਨਾ ਤੇ ਸ਼ੱਕ ਵੀ ਕਰ ਰਹੇ ਸੀ ।
ਜੀ ਜੀ ....ਮੇਰੇ ਅੰਦਰ ਪੋਜਟਿਵ ਤੇ ਨੈਗਟਿਵ ਦੋਨੇ ਸ਼ਕਤੀਆ ਮੋਜੂਦ ਸਨ। ਫਿਰ ਅਚਾਨਕ ਮੇਰੇ ਬਣਾਏ ਉਤਪਾਦਨ ਵਿਚ ਕੋਈ ਵਿਗਾੜ ਪੈ ਗਿਆ, ਮੇਰੀ ਬਹੁਤ ਬੇਸਤੀ ਹੋਈ, ਮੇਰਾ ਕਾਰੋਬਾਰ ਠੱਪ ਹੋ ਗਿਆ, ਮੈਂ ਬਹੁਤ ਨੁੁਕਸਾਨ ਵਿਚੋ ਗੁਜ਼ਰ ਰਿਹਾ ਸੀ, ਉਪਰੋ ਹਲਾਤ ਇਹ ਕੀ ਕੋਈ ਮੇਰੀ ਮੱਦਦ ਲਈ ਰਾਜ਼ੀ ਵੀ ਨਹੀ ਸੀ ।
ਉਹ ਹੋ ਫਿਰ ।
ਮੈਂ ਬਹੁਤ ਨਿਰਾਸ਼ ਸੀ, ਮੇਰਾ ਸਾਰਾ ਕੁਝ ਖਤਮ ਹੋ ਗਿਆਂ ਸੀ, ਕੈਨੇਡਾ ਦੀ ਸਾਰੀ ਸੰਪਤੀ ਖਤਮ ਹੋ ਗਈ ...ਮੇਰਾ ਵਿਉਪਾਰ ਭਾਰਤ ਤੇ ਕੈਨੇਡਾ ਦੋਵਾਂ ਦੇਸ਼ਾ ਵਿੱਚ ਸੀ ...ਭਾਰਤ ਦੇ ਡੀਲਰਾ ਨੇ ਵੀ ਮੇਰਾ ਸਾਥ ਨਹੀਂ ਦਿੱਤਾ ...ਮੈ ਵਾਪਸ ਭਾਰਤ ਆ ਗਿਆ ।
ਉਫ਼
ਇਥੇ ਆ ਕੇ ਮੈਂ ਹੋਰ ਮਾਯੂਸ ਹੋ ਗਿਆ, ਜਿਨਾ ਤੋ ਮੱਦਦ ਦੀ ਉਮੀਦ ਸੀ ਉਨਾਂ ਮੇਰੀ ਪੇਮੈੰਟ ਮਾਰ ਕੇ ਹੋਰ ਵੀ ਥੱਲੇ ਡੇਗ ਦਿੱਤਾ ਸੀ ।ਮੇਰਾ ਇੱਕ ਡੀਲਰ ਸੀ ਜਿਸਨੂੰ ਪਤਾ ਨਹੀ ਨਾਂ ਚਾਹੁੰਦਿਆ ਹੋਇਆ ਵੀ ਡੀਲਰਸ਼ਿਪ ਦੇ ਦਿੱਤੀ ਸੀ, ਪਤਾ ਨਹੀ ਕੋਈ ਸੁਪਰਨੈਚਰਲ ਪਾਵਰ ਸੀ ਜਿਸਨੇ ਮੇਰੇ ਅੰਦਰ ਸਿੱਖਾਂ ਨਾਲ ਨਫ਼ਰਤ ਹੋਣ ਦੇ ਬਾਵਜ਼ੂਦ ਮੇਥੋ ਉਸਦਾ ਨਾਮ ਅਖੀਰਲੇ ਮੋਮਟ ਤੇ ਲਿਸਟ ਚ ਨਵਾਂ ਦਿੱਤਾ ਸੀ । ਮੈਂ ਬੜੀ ਬੇ ਉਮੀਦੀ ਨਾਲ ਉਸ ਕੋਲ ਚਲਾ ਗਿਆ, ਸੋ ਪ੍ਰਤੀਸ਼ਤ ਉਮੀਦ ਸੀ ਉਸ ਸਿੱਖ ਨੇ ਵੀ ਮੇਰੀ ਪੇਮੈੰਟ ਨਹੀ ਕਰਨੀ ।
ਫਿਰ
ਮੈਂ ਪਹਿਲੀ ਵਾਰ ਉਸਨੂੰ ਮਿਲਿਆ ਸੀ, ਦੱਸ ਸਾਲ ਹੋ ਗਏ ਸੀ ਉਸ ਨਾਲ ਕੰਮ ਕਰਦਿਆਂ ... ਮੈਂ ਜਦੋਂ ਗਿਆ ਤੇ ਉਸਨੇ ਉਸੇ ਵਕਤ ਜੋ ਮੇਰਾ ਸਮਾਨ ਸੀ, ਜੋ ਗਲਤ ਬਨ ਗਿਆ ਸੀ ਜਿਸ ਕਰਕੇ ਮੈਂ ਨੁਕਸਾਨ ਉਠਾ ਰਿਹਾ ਸੀ, ਉਹ ਪਾਸੇ ਕਰਕੇ ਮੇਰਾ ਬਣਦਾ ਹਿਸਾਬ ਮੈਨੂੰ ਫੜਾ ਦਿੱਤਾ .... ਮੇਰੀਆਂ ਅੱਖਾਂ ਚੋਂ ਅੱਥਰੂ ਆ ਗਏ, ਕਰੋੜਾਂ ਦੇ ਕਾਰੋਬਾਰੀ ਨੂੰ ਪਹਿਲੀ ਵਾਰੀ ਲੱਖਾਂ ਦੀ ਪੇਮੈੰਟ ਬਹੁਤ ਵੱਡੀ ਲਗੀ ।
ਸੱਚ ਵਕਤ ਵਕਤ ਦੀ ਗੱਲ ਹੈ ।
ਇ ਸਾਰੇ ਕਾਰਜ਼ ਨੂੰ ਕੋਈ ਅੱਧਾ ਘੰਟਾ ਹੀ ਲਗਿਆ ਹੋਣਾ, ਤਦ ਤੀਕ ਉਸ ਨੇ ਮੇਰੇ ਲਈ ਖਾਣ ਨੂੰ ਕੁੱਝ ਮੰਗਵਾ ਲਿਆ ਸੀ ।ਉਸਨੇ ਮੇਰੇ ਨਾਲ ਕੋਈ ਲਾ ਕੇ ਚੁਭਵੀ ਗੱਲ ਨਹੀ ਸੀ ਕੀਤੀ .....ਮੇਰੇ ਪੈਸੇ ਦੇ ਕੇ ਉਸਨੇ ਪੁੱਛਿਆ ਇਹ ਸੱਭ ਕੁਝ ਕਿਸਤਰਾ ਹੋ ਗਿਆ .. ਮੈਂ ਉਸਨੂੰ ਕਾਰਨ ਦੱਸਿਆ, ਉਸ ਮੇਰੇ ਤੇ ਵਿਸ਼ਵਾਸ਼ ਕੀਤਾ ਤੇ ਉਸਨੇ ਕਿਹਾ ਹੁਣ ਕੀ ਕਰਨਾ ਹੈ ... ਮੈਂ ਕਿਹਾ ਹੁਣ ਤੇ ਮੈਂ ਟੁੱਟ ਗਿਆਂ, ਉਸ ਕਿਹਾ ਤੁਸੀ ਪ੍ਰੈਸ ਨੋਟ ਦੇ ਕੇ ਆਪਣੀ ਗਲਤੀ ਮੰਨ ਲਵੋ ਤੇ ਇਥੇ ਪੰਜਾਬ ਚ ਜੋ ਤੁਹਾਡੇ ਕੋਲ ਜ਼ਮੀਨ ਹੈ ਉਥੋ ਫਿਰ ਕੰਮ ਸ਼ੁਰੂ ਕਰੋ ... ਮੈਂ ਕਿਹਾ ਕੋਣ ਆਡਰ ਦਵੇਗਾ ...ਉਸ ਕਿਹਾ ਮੇਰੇ ਕੋਲੋ ਅਡਵਾਸ ਲੈ ਲਉ ਆਡਰ, ਛੇ ਮਹੀਨੇ ਤੀਕ ਡਿਲਵਰੀ ਦੇ ਕਰਾਰ ਤੇ ਸਾਇਨ ਕਰ ਦਿਉ । ਮੈਂ ਕਿਹਾ ਤਹਾਨੂੰ ਮੇਰੇ ਤੇ ਕਿਵੇ ਵਿਸ਼ਵਾਸ਼ ਹੈ ....ਉਹ ਕਹਿੰਦਾ ਤੁਸੀ ਸਿੱਖ ਹੋ, ਮੈਂ ਸਿੱਖ ਭਰਾ ਤੇ ਕਦੇ ਸ਼ੱਕ ਨਹੀ ਕਰਦਾ ।
ਵਾਹਿਗੁਰੂ
ਮੈਂ ਜਿਸ ਸਿੱਖੀ ਨੂੰ ਨਫ਼ਰਤ ਕਰਦਾ ਰਿਹਾ,ਹੁਣ ਕੇਵਲ ਮੇਰੀ ਭੇਖ ਦੀ ਸਿੱਖੀ ਕਾਰਨ ਮੈਨੂੰ ਦੁਬਾਰਾ ਉਪਰ ਚੜਨ ਦਾ ਮੋਕਾ ਦੇ ਦਿੱਤਾ ਸੀ।। ਮੈਂ ਸੋਚਦਾ ਹਾਂ ਇਹ ਮੇਰੀ ਤੇ ਮੇਰੇ ਡੈਡੀ ਦੀ ਬਦਕਿਸਮਤੀ ਸੀ ਕਿ ਸਾਨੂੰ ਕੁਝ ਮਾੜੇ ਸਿੱਖ ਮਿਲ਼ੇ ਤੇ ਉਨ੍ਹਾਂ ਕਰਕੇ ਅਸੀ ਪੂਰੀ ਕੋਮ ਨੂੰ ਭੰਡ ਦਿੱਤਾ ...ਪਰ ਕੁਝ ਅਸਲ ਸਿੱਖ ਵੀ ਤੇ ਹਨ...ਜੋ ਸੱਚੀ ਇਨਸਾਨੀਅਤ ਦੇ ਉਪਾਸ਼ਕ ਨੇ, ਮੈਂ ਕੁਝ ਕੁ ਸਿਖਾ ਪਿੱਛੇ ਸਾਰੀ ਕੋਮ ਨੂੰ ਨਹੀ ਛੱਡ ਸਕਦਾ ... ਮੈਂ ਇਨਾਂ ਪਿਆਰੇ ਸਿਖਾਂ ਦੀ ਬਦੋਲਤ ਅਸਲ ਸਿੱਖ ਵੀ ਬਨ ਸਕਦਾ ।
ਕਰਮ ਜੀਤ ਸਿੰਘ
copy