05/07/2026
ਸਟੇਟ ਕਹਿੰਦੀ ਅਸੀਂ ਸਿੱਖ ਮੁੱਦਿਆਂ ਦੀਆਂ ਫ਼ਿਲਮਾਂ ਸਿਨੇਮਾ ਘਰਾਂ ਅੰਦਰ ਲੱਗਣ ਦੇ ਬਿਲਕੁਲ ਖਿਲਾਫ ਹਾਂ.
ਸਾਡੇ ਆਲੇ ਪੱਟੂ ਕਹਿੰਦੇ ਅਸੀਂ ਸਿਨੇਮਾ ਘਰਾਂ ਚ ਜਾ ਕੇ ਖੁਦ ਇਨ੍ਹਾਂ ਫਿਲਮਾਂ ਦੇ ਪੋਸਟਰ ਪਾੜਾਂਗੇ.
ਕਈ ਡੱਕੇ ਹੋਏ ਛੱਡੀ ਜਾ ਰਹੇ ਆ ਦਿਲਜੀਤ ਭਾਜਪਾ ਚ ਜਾਊ, ਤਾਂ ਫਿਲਮ ਆ ਗਈ ਹੁਣ. ਕਈ ਮਾਂ ਦੇ ਪੁੱਤ ਕਹਿ ਰਹੇ ਆ ਦਿਲਜੀਤ ਨੇ ਤਿਰੰਗਾ ਲਹਿਰਾ ਦਿੱਤਾ ਤਾਂ ਫਿਲਮ ਆ ਗਈ. ਕਈਆਂ ਦਾ ਤੀਜਾ ਨੇਤਰ ਕਹਿੰਦਾ ਬਈ ਪਹਿਲਾਂ ਚਮਕੀਲਾ ਬਣ ਗਿਆ ਹੁਣ ਖਾਲੜਾ, ਪੈਸੇ ਦਾ ਪੀਰ ਆ, ਕੋਈ ਕਹਿ ਰਿਹਾ ਲੰਬੂ ਅੱਗੇ ਕੋਡੇ ਹੋਣ ਦਾ ਇਨਾਮ ਮਿਲਿਆ. ਗੱਲ ਕੀ ਅੰਦਰਲਾ ਕੀੜਾ ਟਿਕਣ ਨੀ ਦੇ ਰਿਹਾ ਭੌਂਕੇ ਬਿਨਾਂ, ਪਰ ਸਮਝ ਆ ਨਹੀਂ ਰਹੀ ਕਿ ਚਵਲ ਮਾਰੀਏ ਕਿਹੜੀ ਜਿਹੜੀ “ਡੀਪ ਸਟੇਟ” ਨੂੰ ਕਰੈਕ ਕਰ ਜਾਏ.
ਕੁੱਲ ਮਿਲਾ ਕੇ ਜਿੰਨਾ ਕੁ ਵਿਰੋਧ ਚ ਮੈਂ ਪੜ੍ਹਿਆ, ਸਭ ਨੇ ਖੁਦ ਦਾ ਭੂ-ਭੜੱਸ ਹੀ ਕਰਵਾਇਆ, ਹਕੀਕਤ ਚ ਕਿਸੇ ਦੀ ਗੱਲ ਚ ਕੋਈ ਦਮ ਨਹੀਂ. ਸਭ ਲੰਡੂ ਜੀ ਭਕਾਈਬਾਜੀ ਆ ਬੱਸ ਜੋ ਟਿਕਣ ਨੀ ਦੇ ਰਹੀ ਅੰਦਰਲੇ ਵਿਦਵਾਨੀ ਆਲੇ ਕੀੜੇ ਨੂੰ… ਏਨੀਆਂ ਲੰਡੂ ਦਲੀਲਾਂ ਕਿ ਇੱਥੇ ਤੇ ਦਲੀਲ ਜੇ ਇਨਸਾਨ ਹੁੰਦੀ ਇਨ੍ਹਾਂ ਦੀ ਮਾਂ-ਭੈਣ ਖੁਦ ਹੀ ਕਰ ਦਿੰਦੀ. ਪਰ ਖ਼ੈਰ… ਦੋਸਤੋਏਵਸਕੀ ਵਾਰ ਵਾਰ ਆਪਣੇ ਨਾਵਲਾਂ ਚ ਇਹੀ ਕਹਿੰਦਾ - ਦਫ਼ਾ ਹੋਣ.
ਦਰਅਸਲ ਜੇ ਗੰਭੀਰਤਾ ਨਾਲ ਦੇਖਿਆ ਜਾਏ ਤਾਂ ਸਾਡੇ ਬੰਦਿਆਂ ਨੂੰ ਫਿਲਮ ਦਾ ਬੁਨਿਆਦੀ ਢਾਂਚਾ ਹੀ ਨਹੀਂ ਪਤਾ. ਇਹ ਕਿਸੇ ਵੀ ਫਿਲਮ ਨੂੰ ਅਜੇ ਵੀ ਅਦਾਕਾਰ ਦੀ ਮਲਕੀਅਤ ਸਮਝ ਕੇ ਚੱਲ ਰਹੇ ਹਨ, ਜਿਵੇਂ ਅਦਾਕਾਰ ਫਿਲਮ ਦਾ ਕੇਂਦਰੀ ਨੁਕਤਾ ਹੋਏ. ਇਨ੍ਹਾਂ ਨੂੰ ਅਦਾਕਾਰ ਤੋਂ ਅੱਗੇ ਫਿਲਮ ਦਾ ਕੱਖ ਨਹੀਂ ਪਤਾ. ਕਿਸੇ ਵੀ ਫਿਲਮ ਚ ਅਦਾਕਾਰ ਹਮੇਸ਼ਾ ਸੈਕੰਡਰੀ ਟੂਲ ਹੁੰਦਾ. ਮੁੱਖ ਕੇਂਦਰ ਕਹਾਣੀ ਹੁੰਦੀ ਹੈ. ਇੱਕ ਕਹਾਣੀ ਹਜ਼ਾਰਾਂ ਬੰਦਿਆਂ ਨਾਲ ਮਿਲ ਕੇ ਫਿਲਮ ਬਣਦੀ ਹੈ. ਜਦਕਿ ਸਾਡੇ ਆਲੇ ਪਤੰਦਰ ਦਿਲਜੀਤ ਚ ਹੀ ਫਸੇ ਬੈਠੇ ਆ ਵੀ ਲੈ ਕੱਲ ਚਮਕੀਲਾ ਸੀ ਅੱਜ ਖਾਲੜਾ ਬਣ ਗਿਆ - ਚੱਕਵਾਂ ਚੁੱਲ੍ਹਾ. ਹੁਣ ਇਨ੍ਹਾਂ ਨੂੰ ਕੋਈ ਸਮਝਾ ਲਏਗਾ ਦਲੀਲ ਨਾਲ?
ਜਦ ਚਮਕੀਲਾ ਆਈ ਸੀ, ਉਸ ਵਕਤ ਸਾਡਾ ਲਾਣਾ ਪਿੱਟਣ ਬਹਿ ਗਿਆ ਹਾਏ ਪੰਜਾਬ ਦਾ ਨਾਇਕ ਬਣਾ ਦਿੱਤਾ ਚਮਕੀਲਾ. ਬੂ ਚਮਕੀਲਾ ਹਾਈਲਾਈਟ ਕਰ ਦਿੱਤਾ ਸਰਕਾਰ ਨੇ ਪੰਜਾਬ ਨੂੰ ਖ਼ਤਮ ਕਰਨ ਲਈ. ਮੈਂ ਉਸ ਵਕਤ ਵੀ ਇਨ੍ਹਾਂ ਦਾ ਰੋਣਾ ਰੋਇਆ ਸੀ ਵੀ ਹਟਜੋ ਪਤੰਦਰੋ ਨਾ ਰੋੜਿਆ ਕਰੋ ਚੌਰਸ ਹੀ, ਪਰ ਟਲਦੇ ਕਿੱਥੇ ਇਹ. ਕੋਈ ਦੱਸ ਸਕਦਾ ਹੁਣ ਕਿ ਕਿੰਨੇ ਅੰਕੜੇ ਸਾਡੇ ਕੋਲ ਸਾਹਮਣੇ ਆਏ ਹਨ ਜਿੱਥੇ ਲੋਕਾਂ ਨੇ ਚਮਕੀਲਾ ਦੇਖ ਕੇ ਉਸ ਨੂੰ ਪੰਜਾਬ ਦਾ ਨਾਇਕ ਮੰਨ ਲਿਆ? ਕਿੰਨੇ ਬੰਦੇ ਨੇ ਜਿਨ੍ਹਾਂ ਦੀ ਚਮਕੀਲਾ ਫਿਲਮ ਨੇ ਅਣਖ ਮਾਰ ਦਿੱਤੀ? ਖ਼ੁਦ ਮੈਂ ਦੋ ਤਿੰਨ ਵਾਰ ਦੇਖੀ - ਹਿੰਦੀ ਵਾਲੀ ਵੀ ਪੰਜਾਬੀ ਵਾਲੀ ਵੀ. ਮੈਂ ਚੰਗਾ ਭਲਾ ਫਿਰਦਾਂ. ਮੈਂ ਤੇ ਕਿਹਾ ਨਹੀਂ ਕਿਤੇ ਵੀ ਚਮਕੀਲਾ ਸਾਡਾ ਨਾਇਕ ਆ. ਜਾਂ ਉਹ ਪੰਜਾਬ ਦਾ ਮਾਣ ਹੈ. ਦੱਬੂ ਕਿਸਮ ਦੀ ਸਾਇਕੀ ਅਸਲ ਚ ਸਾਨੂੰ ਘਸਿਆਰੇ ਬਣਾ ਰਹੀ ਹੈ, ਜਦਕਿ ਇਹ ਸਾਡਾ ਆਚਰਨ ਹੀ ਨਹੀਂ ਸੀ. ਸਿੱਖ ਤੇ ਸਗੋਂ ਚਨੌਤੀਆਂ ਚ ਖੁਸ਼ ਹੁੰਦੇ ਸੀ, ਅਸੀਂ ਰੋਣ ਲੱਗ ਜਾਂਦੇ ਹਾਂ.
ਮਸਲਾ ਸਿਰਫ ਏਨਾ ਕਿ ਸਾਨੂੰ ਲੰਡੂ ਜੇ ਵਿਵਾਦ ਖੜ੍ਹੇ ਕਰਕੇ ਸੁਆਦ ਆਉਣ ਲੱਗ ਪਿਆ. ਜਦ ਤੱਕ ਸਵੇਰੇ ਉੱਠ ਕੇ ਸਾਨੂੰ ਕਰਨ ਨੂੰ ਮਿਲੇ ਨਾ ਕੁਝ ਸਾਨੂੰ ਰੋਟੀ ਹੀ ਹਜ਼ਮ ਨਹੀਂ ਆਉਂਦੀ. ਮੰਨੋ ਜਾਂ ਨਾ ਮੰਨੋ ਇਹ ਸਾਡੇ ਵਿਹਲੜਪੁਣੇ ਦੀ ਨਿਸ਼ਾਨੀ ਵੀ ਆ. ਕੰਮ-ਕਾਰ ਆਲਾ ਬੰਦਾ ਹਰ ਤੀਜੇ ਦਿਨ ਕਿਵੇਂ ਕਿਸੇ ਚੀਜ਼ ਦਾ ਵਿਰੋਧ ਕਰ ਸਕਦਾ ਯਾਰ? ਮੈਨੂੰ ਤੇ ਇਸ ਗੱਲ ਦੀ ਸਮਝ ਨੀ ਆਉਂਦੀ.
ਸੋ ਭਾਈ ਡਾਂਗ-ਸੋਟਾ ਦਲ ਜੀਓ! ਕਲਾ ਦੇ ਨਾਮ ਤੋਂ ਧਰਮ ਦੇ ਖੁਰਨ ਦਾ ਡਰ ਲੈ ਕੇ ਜਿਊਣਾ ਦੁਨੀਆ ਨੂੰ ਸਿਰਫ ਇਸਲਾਮ ਨੇ ਦਿੱਤਾ, ਸਿੱਖੀ ਨੇ ਨਹੀਂ. ਸਿੱਖੀ ਅੰਦਰ ਪੂਜਾ ਦੀ ਬੰਦਿਸ਼ ਹੈ. ਕਲਾ ਦੀ ਨਹੀਂ. ਤੁਹਾਡੇ ਖ਼ਾਨੇ ਇਹ ਗੱਲ ਕਿਉਂ ਨਹੀਂ ਪੈਂਦੀ. ਫਰਕ ਸਿਰਫ ਏਨਾ ਕਿ ਸਾਨੂੰ ਕਲਾ ਦੀ ਸਮਝ ਹੋਏ. ਤੁਹਾਡੀ ਰਾਮਲੀਲਾ ਵਾਲੀ ਉਦਾਹਰਨ ਬਹੁਤੀ ਸੁਆਦਲੀ ਨਹੀਂ ਵੈਸੇ ਇਸ ਪੱਖ ਤੋਂ.
ਖੈਰ… ਮੇਰੀ ਤੇ ਭਰਾਵੋ ਬੇਨਤੀ ਹੀ ਆ ਕਿ ਫਿਲਮਾਂ ਜਾਂ ਅਜਿਹੀਆਂ ਹੋਰ ਸਾਰੀਆਂ ਚੀਜਾਂ ਦਾ ਸੰਸਾਰਕ ਇਤਿਹਾਸ ਪੜ ਲਓ, ਨਸਲਘਾਤ ਸਿਨੇਮਾ ਦਾ ਆਪਣਾ ਸੰਸਾਰ ਹੈ, ਉਸ ਨੂੰ ਵੇਖੋ, ਇਤਿਹਾਸ ਤੇ ਗਲਪ ਦਾ ਆਪਣਾ ਸਿਨੇਮਾ ਉਸ ਨੂੰ ਜਾਣੋ. ਬਾਇਓਗ੍ਰਾਫੀਕਲ ਸਿਨੇਮਾ ਤਾਂ ਖੈਰ ਹੈ ਹੀ ਅੰਤਾਂ ਦਾ. ਉਸ ਨੂੰ ਕਦੀ ਪਰਖੋ. ਸਭ ਤੋਂ ਅਹਿਮ ਗੱਲ ਭਾਰਤ ਅੰਦਰ ਘੱਟੋ-ਘੱਟ ਰਮਾਇਣ ਸਿਨੇਮਾ ਹੀ ਸਮਝ ਲਓ ਕਿ ਕਿਵੇਂ ਬਿਰਤਾਂਤ ਘੜ ਰਿਹਾ, ਫੇਰ ਠਾਰ ਲਿਓ ਕੀੜਾ ਵਿਦਵਾਨੀ ਆਲਾ. ਕਿਉਂ ਜਲੂਸ ਕਢਵਾਉਂਦੇ ਹੋ ਆਪਣਾ ਹਰ ਤੀਜੇ ਦਿਨ?
ਜਾਂਦਿਆਂ-ਜਾਂਦਿਆਂ : ਕੱਲ੍ਹ ਵਾਲੀ ਪੋਸਟ ਦੇ ਬਾਵਜੂਦ ਇੱਕ ਵੀ ਫ਼ਿਲਮ ਵਿਰੋਧੀ ਸਿਪਾਹੀ ਨੇ ਖਾਲੜਾ ਸਾਬ ਦੁਆਰਾ ਕੀਤੇ ਅਣਪਛਾਤੀਆਂ ਲਾਸ਼ਾਂ ਦੇ ਕਾਰਜ ਨਾਲ ਸੰਬੰਧਤ ਕਿਤਾਬ “ਜੋ ਰਾਖ ਹੋ ਗਏ..” ਖਰੀਦੀ ਨਹੀਂ. ਕਰੋ ਸ਼ਰਮ ਭਾਈ ਕੁਝ ਤਾਂ - ਖਰੀਦ ਕੇ ਵੰਡੋ ਯਾਰ, ਕੱਲੇ ਵਿਰੋਧ ਨਾਲ ਤੁਸੀਂ ਵਿਵਾਦੀ ਬੰਦੇ ਕਹਾਉਗੇ.
~ਪਰਮਿੰਦਰ ਸਿੰਘ ਸ਼ੌਂਕੀ