02/04/2023
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।
ਗੁਰਦੁਆਰਾ ਸਾਹਿਬ ਦਾ ਇਤਿਹਾਸ
ਬਾਬਾ ਸੱਚ-ਨ-ਸੱਚ ਜੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਗੋਇੰਦਵਾਲ ਵਿੱਖੇ ਗੁਰੂ ਘੱਰ ਦੇ ਲੰਗਰਾਂ ਲਈ ਰੋਜਾਨਾ ਜੰਗਲ ਵਿੱਚੋਂ ਲਕੜਾਂ ਲਿਆਇਆ ਕਰਦੇ ਸਨ।
ਕਾਂਗੜਾ ਹਿਮਾਚਲ ਤੋਂ ਰਾਜਾ ਹਰੀ ਸੈਨ ਆਪਣੀਆਂ ਰਾਣੀਆਂ ਸਮੇਤ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਵਿੱਖੇ ਆਇਆ ਤਾਂ ਗੁਰੂ ਘਰ ਦੀ ਮਰਿਆਦਾ "ਪਹਿਲਾਂ ਪੰਗਤ, ਪਾਛੋਂ ਸੰਗਤ" ਅਨੁਸਾਰ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਜਿੱਸ ਨਾਲ ਉਚ-ਨਿੱਚ ਦਾ ਕੋਈ ਫ਼ਰਕ ਨਾ ਦੇੱਖ ਗੁਰੂ ਅਮਰਦਾਸ ਪਾਤਸ਼ਾਹ ਜੀ ਲਈ ਮਨ ਵਿੱਚ ਸ਼ਰਦਾ ਪਹਿਲਾਂ ਨਾਲੋਂ ਵੀ ਵਧੇਰੇ ਹੋ ਗਈ।
ਗੁਰੂ ਸਾਹਿਬ ਦਾ ਹੁਕਮ ਸੀ ਕਿ ਜੋ ਕੋਈ ਵੀ ਵਿਆਹੀ ਇਸਤਰੀ ਦਰਸ਼ਨਾਂ ਲਈ ਆਏ ਤਾਂ ਸਾਡੀ ਧੀ ਬਣਕੇ ਆਏ, ਘੁੰਡ ਨਾ ਕੱਡੇ।
ਰਾਣੀਆਂ ਵਿਚੋਂ ਸੱਜ-ਵਿਆਹੀ ਰਾਣੀ ਜਦੋਂ ਦਰਸ਼ਨਾਂ ਲਈ ਆਈ ਤਾਂ ਉਸ ਨੂੰ ਗੁਰੂ ਸਾਹਿਬ ਜੀ ਦੇ ਬਚਨ ਯਾਦ ਨਾ ਰਹੇ ਅਤੇ ਉਸ ਨੇ ਸ਼ਰਮਾਕੇ' ਘੁੰਡ ਕੱਡ ਲਇਆ। ਗੁਰੂ ਸਾਹਿਬ ਜੀ ਨੇ ਸਹਿਜ ਸੁਭਾ ਬਚਨ ਕੀਤੇ "ਇਹ ਕਮਲੀ ਕਾਹਦੇ ਲਈ ਆਈ ਹੈ ਜੇਕਰ ਇਸਨੂੰ ਸਾਡੇ ਦਰਸ਼ਨ ਹੀ ਨਹੀਂ ਭਾਉਂਦੇ। "
ਗੁਰੂ ਜੀ ਦੇ ਬਚਨਾ ਅਨੁਸਾਰ ਤੁਰੰਤ ਹੀ ਰਾਣੀ ਕਮਲੀ ਹੋ ਗਈ, ਸੁੱਧ-ਬੁੱਧ ਨਸ਼ਟ ਹੋ ਗਈ ਅਤੇ ਬਸਤਰ ਪਾੜ ਕੇ ਸੁੱਟ ਦਿੱਤੇ। ਰਾਣੀ ਜੰਗਲਾਂ ਵੱਲ ਭੱਜ ਗਈ, ਬਹੁਤ ਭਾਲ ਕਰਨ ਤੋਂ ਬਾਅਦ ਵੀ ਨਾ ਮਿਲੀ ਤਾਂ ਰਾਜਾ ਭਾਲ ਖਤਮ ਕਰ ਕੇ ਵਾਪਸ ਅਪਣੇ ਦੇਸ਼ ਪਰਤ ਗਿਆ।
ਇਕ ਦਿਨ ਬਾਬਾ ਸੱਚ-ਨ-ਸਚ ਦੇ ਸੇਵਾ ਕਰਦਿਆਂ ਰਾਣੀ ਅਚਾਨਕ ਸਾਹਮਣੇ ਆ ਗਈ ਅਤੇ ਬਾਬਾ ਸੱਚ-ਨ-ਸਚ ਜੀ ਨੂੰ ਕੁਟਣ-ਮਾਰਣ ਲੱਗੀ, ਲਕੜਾਂ ਵੀ ਖਲਾਰ ਦਿੱਤੀਆਂ। ਬਾਬਾ ਸੱਚ-ਨ-ਸਚ ਜੀ ਜਾਨ ਬਚਾ ਕੇ ਗੁਰੂ ਅਮਰਦਾਸ ਜੀ ਦੇ ਦਰਬਰ ਪਹੁੰਚੇ, ਸੱਚ-ਨ-ਸਚ ਜੀ ਦੀ ਜਖਮੀ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਨੇ ਕਾਰਣ ਪੁਛਿਆ ਤਾਂ ਸੱਚ-ਨ-ਸਚ ਜੀ ਨੇ ਸਾਰਾ ਹਾਲ ਬਿਆਨ ਕੀਤਾ। ਗੁਰੂ ਅਮਰਦਾਸ ਜੀ ਨੇ ਆਪਣੇ ਚਰਣਾਂ ਦਾ ਇੱਕ ਜੋੜਾ ਸੱਚ-ਨ-ਸਚ ਨੂੰ ਦਿੱਤਾ ਅਤੇ ਕਿਹਾ ਕਿ ਹੁਣ ਜਦੋਂ ਉਹ ਕਮਲੀ ਪਾਸ ਆਏ ਤਾਂ ਉਸ ਦੇ ਮੱਥੇ ਤੇ ਲਗਾਣਾ ਉਹ ਠੀਕ ਹੋ ਗਾਏਗੀ ਅਤੇ ਸਾਡੇ ਪਾਸ ਲੈ ਆਣਾ।
ਗੁਰੂ ਸਾਹਿਬ ਦਾ ਬਚਨ ਮਨਦੇ ਹੋਏ ਬਾਬਾ ਸੱਚ-ਨ-ਸਚ ਜੀ ਨੇ ਰਾਣੀ ਦੇ ਮੱਥੇ ਤੇ ਜੋੜਾ ਸਾਹਿਬ ਲਗਾਇਆ ਤਾਂ ਉਹ ਠੀਕ ਹੋ ਗਈ ਅਤੇ ਦੋਨੋ ਗੁਰੂ ਸਾਹਿਬ ਜੀ ਕੋਲ ਹਾਜ਼ਰ ਹੋਏ।
ਗੁਰੂ ਸਾਹਿਬ ਜੀ ਨੇ ਦੋਨਾਂ ਦਾ ਵਿਆਹ ਕਰਵਾ ਦਿੱਤਾ। ਅਪਣੇ ਚਰਨਾਂ ਦਾ ਜੋੜਾ ਬਖਸ਼ਿਸ਼ ਕੀਤਾ ਅਤੇ ਵਰ ਦਿੱਤੇ ਕਿ ਜੋ ਕੋਈ ਵੀ ਹਲਕੇ ਕੁੱਤੇ ਦਾ ਵਡਿਆ, ਹਜੀਰਾਂ ਦਾ ਰੋਗੀ ਜਾਂ ਮਾਨਸਿਕ ਪਰੇਸ਼ਾਨੀ ਵਾਲਾ ਇਸ ਜੋੜਾ ਸਾਹਿਬ ਦੇ ਦਰਸ਼ਨ ਕਰੇਗਾ ਉਸ ਦੇ ਦੁੱਖ ਦੂਰ ਹੋਣਗੇ। ਇਹਨਾਂ ਬਖਸ਼ਿਸ਼ਾਂ ਨਾਲ ਬਾਬਾ ਸੱਚ-ਨ-ਸਚ ਜੀ ਦੀ ਸੇਵਾ ਗੁਰੂ ਸਾਹਿਬ ਜੀ ਨੇ ਸਮਾਪਤ ਕੀਤੀ।
ਅੱਜ ਇੱਹ ਜੋੜਾ ਸਾਹਿਬ ਦੀ ਸੇਵਾ ਬਾਬਾ ਸੱਚ-ਨ-ਸਚ ਜੀ ਦੀ ੧੩ ਵੀਂ ਪੀੜੀ ਗੁਰਦੁਆਰਾ ਪਾਹਿਨਿ ਸਾਹਿਬ, ਪਿੰਡ ਪਿਪਲਥਾ, ਤਹਿਸੀਲ ਨਰਵਾਨਾ, ਜਿਲ੍ਹਾ ਜੀਂਦ, ਹਰਿਆਣਾ ਵਿੱਖੇ ਸ਼ਰਦਾ ਨਾਲ ਕਰ ਰਹੀ ਹੈ।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।